ਵਾਸ਼ਿੰਗਟਨ, (ਸਮਾਜ ਵੀਕਲੀ)– ਕੋਰੋਨਾਵਾਇਰਸ ਤੋਂ ਬਾਅਦ ਅਮਰੀਕਾ ਵਿਚ ਵੀ ਮਾਸਕ ਦੀ ਕਮੀ ਦੱਸੀ ਜਾ ਰਹੀ ਹੈ। ਇਸ ਦੇ ਉਪਾਅ ਦੇ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਲੋਕ ‘ਸਕਾਰਫ’ ਬੰਨ੍ਹ ਕੇ ਕੰਮ ਚਲਾਓ। ਮੰਗਲਵਾਰ ਨੂੰ ਪ੍ਰੈਸ ਬ੍ਰੀਫਿੰਗ ਦੌਰਾਨ ਡੋਨਾਲਡ ਟਰੰਪ ਬੋਲੇ, ਜੇਕਰ ਤੁਸੀਂ ਕੋਰੋਨਾਵਾਇਰਸ ਨੂੰ ਲੈ ਕੇ ਚਿੰਤਤ ਹੋ ਤਾਂ ਫਿਲਹਾਲ ਸਕਾਰਫ ਬੰਨ੍ਹ ਕੇ ਕੰਮ ਚਲਾਓ।
ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਪ੍ਰੈਸ ਬ੍ਰੀਫਿੰਗ ਦੌਰਾਨ ਟਰੰਪ ਬੋਲੇ, ਜਿਥੇ ਤੱਕ ਮਾਸਕ ਦੀ ਗੱਲ ਹੈ। ਤੁਸੀਂ ਮਾਸਕ ਖਰੀਦ ਸਕਦੇ ਹੋ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਸਕਾਰਫ ਹੈ। ਸਕਾਰਫ ਕਾਫੀ ਚੰਗੇ ਹੁੰਦੇ ਹਨ, ਇਸ ਦਾ ਇਸਤੇਮਾਲ ਵਾਇਰਸ ਤੋਂ ਬਚਣ ਲਈ ਕੀਤਾ ਜਾ ਸਕਦਾ ਹੈ। ਅਸੀਂ ਬਸ ਥੋਡ਼ੇ ਵੇਲੇ ਲਈ ਅਜਿਹਾ ਕਰਨ ਨੂੰ ਆਖ ਰਹੇ ਹਾਂ।
ਅਮਰੀਕੀ ਹੈਲਥ ਡਿਪਾਰਟਮੈਂਟ ਨੇ ਵੀ ਆਖਿਆ ਕਿ ਸਿਹਤਮੰਦ ਲੋਕਾਂ ਨੂੰ ਮਾਸਕ ਦੀ ਜ਼ਰੂਰਤ ਨਹੀਂ ਅਮਰੀਕਾ ਵਿਚ ਮਾਸਕ ਦੀ ਬੇਹੱਦ ਕਮੀ ਹੈ। ਪਿਛਲੇ ਦਿਨੀਂ ਇਸ ਦੀ ਕਮੀ ਨੂੰ ਦੇਖਦੇ ਹੋਏ ਹੈਲਥ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਆਖਿਆ ਸੀ ਕਿ ਜਦ ਤੱਕ ਕਿ ਕੋਈ ਬੀਮਾਰ ਨਾ ਹੋਵੇ, ਉਸ ਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ ਹੈ। ਹੈਲਥ ਡਿਪਾਰਟਮੈਂਟ ਵੱਲੋਂ ਅਜਿਹਾ ਇਸ ਲਈ ਆਖਿਆ ਗਿਆ ਸੀ ਕਿਉਂਕਿ ਉਨ੍ਹਾਂ ਡਰ ਸੀ ਕਿ ਜੇਕਰ ਜ਼ਿਆਦਾ ਲੋਕਾਂ ਨੇ ਮਾਸਕ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਡਾਕਟਰਾਂ ਕੋਲ ਮਾਸਕ ਘੱਟ ਪੈ ਜਾਣਗੇ। ਹਾਲਾਂਕਿ ਵਾਈਟ ਹਾਊਸ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਕੰਮ ਕਰ ਰਹੀ ਡੇਬੋਰਾਹ ਬਿ੍ਰਕਸ ਨੇ ਆਖਿਆ ਹੈ ਕਿ ਸਕਾਰਫ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਬਿ੍ਰਕਸ ਖੁਦ ਰੰਗ ਬਿਰੰਗੀ ਸਕਾਰਫ ਬੰਨ੍ਹਦੀ ਹੈ।
ਅਮਰੀਕਾ ਵਿਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਕਈ ਜ਼ਰੂਰੀ ਉਪਕਰਣਾਂ ਦੀ ਕਮੀ ਦੇਖੀ ਗਈ ਹੈ। ਇਸ ਵਿਚ ਮਾਸਕ ਦੀ ਕਮੀ ਵੀ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਆਖਿਆ ਗਿਆ ਹੈ ਕਿ ਸਿਹਤਮੰਦ ਲੋਕਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੀ ਇਸ ਗਾਈਡਲਾਈਨ ਦੀ ਨਿੰਦਾ ਵੀ ਹੋਈ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਵਾਇਰਸ ਨੂੰ ਰੋਕਣ ਲਈ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ।
ਅਮਰੀਕਾ ਨੇ ਕੋਰੋਨਾਵਾਇਰਸ ਨੂੰ ਲੈ ਕੇ ਦਿੱਤੀ ਭਿਆਨਕ ਚਿਤਾਵਨੀ –
ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 2 ਹਫਤੇ ਦੇਸ਼ ਲਈ ਬਹੁਤ ਮੁਸ਼ਕਿਲ ਹੋਣ ਵਾਲੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦੇ ਮੁਸ਼ਕਿਲ ਦਿਨਾਂ ਲਈ ਤਿਆਰ ਰਹਿਣ ਨੂੰ ਆਖਿਆ ਹੈ। ਵਾਈਟ ਹਾਊਸ ਨੇ ਆਉਣ ਵਾਲੇ ਦਿਨਾਂ ਵਿਚ ਕੋਰੋਨਾਵਾਇਰਸ ਨਾਲ 1 ਲੱਖ ਲੋਕਾਂ ਦੀ ਮੌਤ ਹੋਣ ਦੀ ਚਿਤਾਵਨੀ ਦਿੱਤੀ ਹੈ। ਇਹ ਚਿਤਾਵਨੀ ਵਾਈਟ ਹਾਊਸ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਗਠਨ ਟਾਸਕ ਫੋਰਸ ਦੀ ਮੈਂਬਰ ਡੇਬੋਰਾਹ ਬਿ੍ਰਕਸ ਨੇ ਅਸਲੀ ਅੰਕਡ਼ਿਆਂ ਦੇ ਆਧਾਰ ‘ਤੇ ਦਿੱਤੀ ਹੈ। ਇਸ ਮੁਤਾਬਕ ਅਮਰੀਕਾ ਵਿਚ ਜੇਕਰ 30 ਅਪ੍ਰੈਲ ਤੱਕ ਸਮਾਜਿਕ ਮੇਲ-ਮਿਲਾਪ ‘ਤੇ ਲੱਗੀ ਰੋਕ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਉਦੋਂ ਵੀ 1 ਲੱਖ ਤੋਂ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।