ਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 6

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)

ਕੱਲ੍ਹ ਵਾਲੀ ਚਰਚਾ ਵਿੱਚ ਗੱਲ ਕੀਤੀ ਸੀ ਕਿ ਕਈ ਪੁਰਾਣੇ ਅਖਾਣਾਂ ਤੇ ਮੁਹਾਵਰੇ ਵੀ ਭਵਿੱਖ ਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਹੇਠ ਰੁਪਾਂਤਰਿਤ ਹੋ ਜਾਣਗੇ ਤੇ ਉਹਨਾਂ ਦੀਆ ਕੁੱਜ ਉਦਾਹਰਣਾਂ ਵੀ ਪੇਸ਼ ਕੀਤੀਆ ਸਨ । ਹਥਲੀ ਚਰਚਾ ਵਿੱਚ ਕੋਰੋਨਾ ਦਾ ਪੰਜਾਬੀ ਗੀਤਾਂ ਤੇ ਲੋਕ-ਗੀਤਾਂ ਉੱਤੇ ਕੀ ਪ੍ਰਭਾਵ ਪਵੇਗਾ, ਇਸ ਬਾਰੇ ਗੱਲ ਕਰਦੇ ਹਾਂ ।
ਇਸ ਤਰਾਂ ਲਗਦਾ ਹੈ ਕਿ ਅਗਲੇਰੇ ਸਮੇਂ ਵਿੱਚ ਪੰਜਾਬੀ ਗੀਤਾਂ ਦੇ ਮੁਖੜੇ ਤੇ ਅੰਤਰੇ ਵੀ ਬਦਲ ਜਾਣਗੇ, ਕੁੱਜ ਕੁ ਉਦਾਹਰਣਾਂ ਪੇਸ਼ ਹਨ :

– ਦੱਸ ਕਿਹੜੇ ਮੈਂ ਬਹਾਨੇ ਆਵਾਂ, ਕੋਰੋਨਾ ਮੈਨੂੰ ਘਰ ਡੱਕ ‘ਤਾ ।
– ਨਾ ਹੁਣ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਥੋੜ੍ਹਾ ਪਰੇ ਹੋ ਕੇ ਸੁੱਖ ਸਾਡੀ ਮੰਗ ਬੱਲੀਏ ।
– ਬਾਰੀਂ ਵਰਸੀਂ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦਾ ਝੋਨਾ, ਤੂੰ ਪਰੇ ਹੋ ਕੇ ਖੰਘ ਸੋਹਣਿਆਂ, ਕਿਤੇ ਕਰਾ ਨਾ ਦੇਈਂ ਕੋਰੋਨਾ ।
ਕੋਰੋਨਾ ਮਹਾਮਾਰੀ ਕਾਰਨ ਬਦਲਿਆ ਹੋਇਆ ਮਾਹੌਲ ਦੇਖ ਕੇ ਤਾਂ ਇੰਜ ਲਗਦਾ ਹੈ ਕਿ ਬੁਝਾਰਤਾਂ ਵੀ ਨਵੀਂਆਂ ਬਣ ਜਾਣਗੀਆਂ ਜਿਵੇਂ,
– ਚੀਨ ਚ ਜਿਹੜਾ ਜੰਮਿਆ, ਦੋ ਨੇ ਜੀਹਦੇ ਨਾਮ, ਨੰਗੇ ਮੂੰਹ ਜਿਸ ਨੇ ਢਕ ਦਿੱਤੇ , ਬਈ ਬੁੱਝੋ ਓਹਦਾ ਨਾਮ ।

ਹੁਣ ਤਾਂ ਇਹ ਵੀ ਸੰਭਵ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਾਹਿਤ ਦੀ ਕੋਈ ਨਵੀਂ ਵੰਨਗੀ ਵੀ ਪੈਦਾ ਹੋ ਜਾਵੇ, ਮਿਸਾਲ ਵਜੋਂ ਹੇਠ ਲਿਖਿਆ “ਬੰਬੀਹਾ” ਰੂਪ ਪੇਸ਼ ਕੀਤਾ ਜਾ ਸਕਦਾ ਹੈ :

ਭਾਰਤ ਵਿੱਚ ਲੱਗੇ ਲੌਕ ਡਾਊਨ ਕਾਰਨ, ਦੇਸ਼ ਦੀ ਅਰਥ ਵਿਵਸਥਾ ਖਾ ਰਹੀ ਹਾ ਡਿੱਕ ਡੋਲੇ, ਬਈ ਬੰਬੀਹਾ ਬੋਲੇ ।
ਪੰਜਾਬ ਵਿੱਚ ਕੋਰੋਨਾ ਕਾਰਨ ਲਗਾਈ ਗਈ ਧਾਰਾ 144, ਇਸ ਕਰਕੇ ਚਾਰ ਜਣਿਆ ਤੋਂ ਵੱਧ ਕੋਈ ਨਾ ਬਣਾਵੇ ਟੋਲੇ, ਨਹੀਂ ਤਾਂ ਪੁਲਿਸ ਕੁੱਟ ਕੁੱਟ ਕੇ ਕਰ ਦਊਗੀ ਹੱਡ ਪੋਲੇ, ਬਈ ਬੰਬੀਹਾ ਬੋਲੇ
ਪੰਜਾਬ ਦੇ ਦੁਕਾਨਦਾਰਾਂ ਨੇ ਲੌਕ ਡਾਊਨ ਦੌਰਾਨ, ਸ਼ਾਮ ਪੰਜ ਵਜੇ ਤੱਕ ਦੁਕਾਨਾਂ ਖੋਹਲੀਆਂ, ਪਰ ਸਰਕਾਰ ਨੇ ਸ਼ਰਾਬ ਦੇ ਠੇਕੇ, ਰਾਤ ਦੇ ਨੌਂ ਵਜੇ ਤੱਕ ਖੋਹਲੇ, ਬਈ ਬੰਬੀਹਾ ਬੋਲੇ ।ਗਰੀਬ ਕਹਿੰਦੇ ਕਿ ਸਾਨੂੰ ਲੌਕ ਡਾਊਨ ਦੌਰਾਨ ਖਾਣਾ ਨਹੀਂ ਮਿਲਿਆ, ਪਰ ਸਰਕਾਰਾਂ ਕਹਿੰਦੀ ਖਾਣੇ ਦੀਆ ਲਹਿਰਾ ਬਹਿਰਾ ਕਰਵਾ ਦਿੱਤੀਆਂ, ਇਸ ਗੱਲ ਦਾ ਅਸਲ ਭੇਦ ਹੁਣ ਕੌਣ ਖੋਹਲੇ, ਬਈ ਬੰਬੀਹਾ ਬੋਲੇ ।ਮਾਪੇ ਆਪਣੇ ਬੱਚਿਆ ਦੀਆ ਫ਼ੀਸਾਂ ਤੋਂ ਪਰੇਸ਼ਾਨ, ਅਧਆਪਕ ਆਪਣੀਆ ਤਨਖਾਹਾਂ ਕਾਰਨ ਪਰੇਸ਼ਾਨ, ਫ਼ੀਸਾਂ ਕਾਹਦੀਆਂ ਜਦ ਸਕੂਲ ਹੀ ਨਹੀਂ ਖੋਹਲੇ, ਬਈ ਬੰਬੀਹਾ ਬੋਲੇ ।
ਲੌਕ ਡਾਊਨ ਹਟਾ ਕੇ ਦੁਕਾਨਾਂ ਖੋਹਲ ਦਿੱਤੀਆਂ, ਮਾਲ ਤੇ ਦਫਤਰ ਵੀ ਖੋਹਲੇ, ਪਰ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਕਿਓਂ ਨਹੀਂ ਖੋਹਲੇ, ਬਈ ਬੰਬੀਹਾ ਬੋਲੇ ।

ਸਮੁੱਚੇ ਤੌਰ ‘ਤੇ ਕਹਿ ਸਕਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੇ ਸਾਹਿਤਕ ਵਰਤਾਰੇ ਨੂੰ ਹਰ ਪੱਖੋਂ ਬਹੁਤ ਪ੍ਰਭਾਵਤ ਕੀਤਾ ਹੈ । ਕੋਰੋਨਾ ਸੰਬੰਧੀ ਨਵੀਆ ਤੋਂ ਨਵੀਆ ਰਚਨਾਵਾਂ ਸਾਹਮਣੇ ਆ ਰਹੀਆਂ ਹਨ, ਸਾਹਿਤ ਦੇ ਪਰੰਪਰਾਗਤ ਰੂਪਾਂ ਵਿੱਚ ਫੇਰ ਬਦਲ ਹੋ ਰਿਹਾ ਹੈ, ਜਿਸ ਕਰਕੇ ਕੋਰੋਨਾ ਕਾਲ ਦਾ ਇਕ ਨਿਵੇਕਲਾ ਰੂਪ ਸਾਹਮਣੇ ਆ ਰਿਹਾ ਹੈ ।

ਇਸ ਲੜੀ ਵਾਰ ਨੂੰ ਇੱਥੇ ਹੀ ਵਿਰਾਮ ਲਗਾਉਂਦਾ ਹੋਇਆ ਆਪ ਸ਼ੁਭ ਦੀ ਦਿਲ ਦੀਆ ਗਹਿਰਾਈਆ ਤੋਂ ਧਨਵਾਦ ਕਰਦਾ ਹਾਂ । ਇਹ ਤੁਹਾਡੇ ਵੱਲੋਂ ਮਿਲੀ ਭਰਵੀਂ ਹੌਂਸਲਾ ਅਫਜਾਈ ਦਾ ਹੀ ਪ੍ਰਤੀਫਲ ਹੈ ਕਿ ਮੈਂ ਇਸ ਲੰਮੇ ਕਾਲਮ ਨੂੰ ਲਗਾਤਾਰ ਛੇ ਲੜੀਆਂ ਵਿੱਚ ਸੰਪੂਰਨ ਕਰਨ ਦੇ ਸਮਰੱਥ ਹੋ ਸਕਿਆਂ ਹਾਂ । ਧੰਨਵਾਦ ।
ਸਮਾਪਤ

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
18/07/2020

Previous articleनाबार्ड ने अपने स्थापना दिवस पर कपूरथला जिले में विभिन्न परियोजनाओं को मंजूरी दी
Next articleਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਸੁਲਤਾਨਪੁਰ ਲੋਧੀ ਦਾ ਦੌਰਾ