ਚੀਨ ਵਿੱਚ ਫੈਲੇ ਕੋਰੋਨਾਵਾਇਰਸ ਕਾਰਨ ਸਰਕਾਰ ਨੇ ਦੋ ਮੁੱਖ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਵਾਇਰਸ ਰੋਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਨ੍ਹਾਂ ਸ਼ਹਿਰਾਂ ਲਈ ਉਡਾਣਾਂ ਅਤੇ ਰੇਲਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਵੂਹਾਨ ਵਿੱਚ ਸਮੁੰਦਰੀ-ਖਾਦ ਪਦਾਰਥਾਂ ਅਤੇ ਪਸ਼ੂ ਮੰਡੀ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿੱਚ ਸੈਂਕੜੇ ਹੋਰ ਲੋਕ ਇਸ ਤੋਂ ਪੀੜਤ ਹਨ। ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ ਇਸ ਵਾਇਰਸ ਤੋਂ ਪੀੜਤ ਕੇਸ ਸਾਹਮਣੇ ਆਇਆ ਹੈ। ਹੁਬਈ ਪ੍ਰਾਂਤ ਦੇ ਇੱਕ ਕਰੋੜ ਦਸ ਲੱਖ ਦੀ ਆਬਾਦੀ ਵਾਲੇ ਸ਼ਹਿਰ ਵੂਹਾਨ ਦੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ‘ਕਿਸੇ ਵਿਸ਼ੇਸ਼ ਕਾਰਨ ਬਿਨਾਂ’ ਸ਼ਹਿਰ ਨਾ ਛੱਡਣ ਅਤੇ ਇਸ ਆਦੇਸ਼ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਵੂਹਾਨ ਤੋਂ ਹਵਾਈ ਉਡਾਣਾਂ ਅਤੇ ਰੇਲੱਗਡੀਆਂ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸ਼ਹਿਰ ਤੋਂ ਬਾਹਰ ਜਾਂਦੀਆਂ ਸੜਕਾਂ ’ਤੇ ਟੌਲ ਬੰਦ ਕਰ ਦਿੱਤੇ ਹਨ, ਜਿਸ ਕਾਰਨ ਸ਼ਹਿਰ ਵਿੱਚ ਫਸੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਆਦੇਸ਼ ਤੋਂ ਕੁਝ ਹੀ ਘੰਟਿਆਂ ਬਾਅਦ ਗੁਆਂਢੀ ਸ਼ਹਿਰ ਹੁਆਂਗਾਂਗ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜਨਤਕ ਆਵਾਜਾਈ ਅਤੇ ਰੇਲ ਸੇਵਾਵਾਂ ਅੱਧੀ ਰਾਤ ਤੋਂ ਬਾਅਦ ਮੁਲਤਵੀ ਕਰ ਦਿੱਤੀਆਂ ਜਾਣਗੀਆਂ ਅਤੇ 75 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਸਨੀਕਾਂ ਨੂੰ ਸ਼ਹਿਰ ਨਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।