ਕੋਰਟ ਕੰਪਲੈਕਸ ਵਿੱਚ ਪੇਸ਼ੀ ਉੱਤੇ ਆਈਆਂ ਦੋ ਧਿਰਾਂ ਦਰਮਿਆਨ ਅੱਜ ਖੂਬ ਇੱਟਾਂ ਰੋੜੇ ਚੱਲੇ। ਇਸ ਦੌਰਾਨ ਲੜਕੀ ਧਿਰ ਵਾਲਿਆਂ ਵਿਚੋਂ ਤਿੰਨ ਜਣੇ ਜ਼ਖ਼ਮੀ ਹੋ ਗਏ ਅਤੇ ਲੜਕੀ ਦੇ ਵਕੀਲ ਦਾ ਚੈਂਬਰ ਵੀ ਟੁੱਟ ਗਿਆ। ਥਾਣਾ ਛਾਉਣੀ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿੰਡ ਪੀਰਾਂਵਾਲਾ ਵਾਸੀ ਕਿਰਨ ਦਾ ਵਿਆਹ 12 ਨਵੰਬਰ 2017 ਨੂੰ ਛਾਉਣੀ ਸਥਿਤ ਇੰਦਰਾ ਕਲੋਨੀ ਦੇ ਰਹਿਣ ਵਾਲੇ ਅਕਾਸ਼ ਪੁੱਤਰ ਮੁਲਖ ਰਾਜ ਨਾਲ ਹੋਇਆ ਸੀ। ਵਿਆਹ ਤੋਂ ਕੁਝ ਚਿਰ ਬਾਅਦ ਹੀ ਪਤੀ-ਪਤਨੀ ਦਰਮਿਆਨ ਕਲੇਸ਼ ਰਹਿਣ ਲੱਗ ਪਿਆ। ਕਿਰਨ ਦਾ ਦੋਸ਼ ਹੈ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਉਸਨੂੰ ਘੱਟ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ। ਇਸ ਕਾਰਨ ਕਿਰਨ ਦੇ ਪਰਿਵਾਰ ਨੇ ਆਪਣੀ ਲੜਕੀ ਦਾ ਤਲਾਕ ਕਰਵਾਉਣ ਦਾ ਫ਼ੈਸਲਾ ਲੈ ਲਿਆ ਅਤੇ ਸਥਾਨਕ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ। ਸ਼ੁੱਕਰਵਾਰ ਨੂੰ ਸੈਸ਼ਨ ਜੱਜ ਨੇ ਲੜਕੇ ਨੂੰ ਦਹੇਜ ਵਿੱਚ ਲਿਆ ਸਾਰਾ ਸਾਮਾਨ ਵਾਪਸ ਕਰਨ ਦੇ ਹੁਕਮ ਦਿੱਤੇ ਸਨ। ਸ਼ਨੀਵਾਰ ਨੂੰ ਲੜਕੇ ਦੇ ਪਰਿਵਾਰ ਵਾਲੇ ਦਹੇਜ ਦਾ ਸਾਮਾਨ ਲੈ ਕੇ ਅਦਾਲਤ ਪੁੱਜੇ ਸਨ। ਦੱਸਿਆ ਜਾਂਦਾ ਹੈ ਕਿ ਦਹੇਜ ਦਾ ਸਾਮਾਨ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ ਜਿਸਨੂੰ ਲੈ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਇਤਰਾਜ਼ ਜ਼ਾਹਰ ਕੀਤਾ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਪੈਦਾ ਹੋ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਦੋਵੇਂ ਪਾਸਿਉਂ ਇੱਟਾਂ ਰੋੜੇ ਚੱਲਣ ਲੱਗ ਪਏ। ਇਸ ਝਗੜੇ ਵਿੱਚ ਲੜਕੀ ਕਿਰਨ ਉਸਦੀ ਭੈਣ ਗੀਤਾ ਤੇ ਮਾਂ-ਪਿਉ ਨੂੰ ਸੱਟਾਂ ਲੱਗ ਗਈਆਂ। ਲੜਕੀ ਦੇ ਪਿਤਾ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਹੈ। ਲੜਕੀ ਧਿਰ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਪਤੀ ਅਕਾਸ਼ ਉਸਦਾ ਭਰਾ, ਪਿਤਾ ਤੇ ਚਚੇਰੇ ਭਰਾ ਸਮੇਤ ਕੁਝ ਹੋਰ ਲੋਕ ਵੀ ਸ਼ਾਮਲ ਹਨ। ਹਮਲੇ ’ਚ ਲੜਕੀ ਦੇ ਵਕੀਲ ਵਿਕਾਸ ਕੱਕੜ ਦੇ ਚੈਂਬਰ ਦੀ ਭੰਨ ਤੋੜ ਵੀ ਹੋਈ। ਲੜਕੀ ਧਿਰ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਤੇ ਸੈਸ਼ਨ ਜੱਜ ਨੂੰ ਦਿੱਤੀ ਗਈ ਹੈ। ਥਾਣਾ ਛਾਉਣੀ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
INDIA ਕੋਰਟ ਕੰਪਲੈਕਸ ਵਿੱਚ ਚੱਲੀਆਂ ਇੱਟਾਂ