ਪੀਡਬਲਯੂਡੀ (ਬੀਐਂਡਆਰ) ਅਤੇ ਨਗਰ ਨਿਗਮ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕੋਰਟ ਕੰਪਲੈਕਸ ਦੇ ਸਾਹਮਣੇ ਗ਼ੈਰਕਾਨੂੰਨੀ ਸ਼ੈੱਡ ਬਣਾ ਕੇ ਬੈਠੇ ਸੈਂਕੜੇ ਤੋਂ ਵੀ ਵੱਧ ਟਾਈਪਿਸਟ, ਨੋਟਰੀ ਵਕੀਲਾਂ ਤੇ ਫ਼ੋਟੋ ਸਟੇਟ ਦੀਆਂ ਦੁਕਾਨਾਂ ਨੂੰ ਜੇ.ਸੀ.ਬੀ. ਨਾਲ ਤਹਿਸ ਨਹਿਸ ਕਰ ਦਿੱਤਾ। ਇਸ ਮੌਕੇ 15 ਟਰੈਕਟਰ 50 ਦੇ ਕਰੀਬ ਮਜ਼ਦੂਰ ਵੀ ਇਸ ਕਾਰਵਾਈ ਵਿਚ ਯੋਗਦਾਨ ਪਾ ਰਹੇ ਸਨ। ਅੱਜ ਭਾਵੇਂ ਇਸ ਕਾਰਵਾਈ ਦਾ ਜ਼ਿਆਦਾ ਵਿਰੋਧ ਨਹੀਂ ਹੋ ਸਕਿਆ ਕਿਉਂਕਿ ਐਤਵਾਰ ਦਾ ਦਿਨ ਸੀ। ਇੱਕ ਢਾਬੇ ਦੀ ਮਹਿਲਾ ਮਾਲਕ ਵੱਲੋਂ ਇਸ ਐਕਸ਼ਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਉਸ ਚੁੱਕ ਕੇ ਲੈ ਗਈ। ਅੱਜ ਦੇ ਸਾਂਝੇ ਐਕਸ਼ਨ ਦੀ ਅਗਵਾਈ ਪੀਡਬਲਯੂਡੀ (ਬੀ ਐਂਡ ਆਰ) ਦੇ ਐਕਸੀਅਨ ਮੰਦਰ ਸਿੰਘ ਤੇ ਨਗਰ ਨਿਗਮ ਨਿਗਮ ਦੇ ਸੁਪਰਡੈਂਟ ਇੰਜਨੀਅਰ ਸੰਦੀਪ ਗੁਪਤਾ, ਐੱਸ.ਡੀ.ਐੱਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ ਸੀ ਜਿਸ ਦੀ ਅਗਵਾਈ ਡੀਐੱਸਪੀ ਕਰਨਸ਼ੇਰ ਸਿੰਘ ਕਰ ਰਹੇ ਸਨ। ਅੱਜ ਜਦੋਂ ਪੀੜਤ ਦੁਕਾਨਦਾਰਾਂ ਨੇ ਦੁਕਾਨਾਂ ’ਤੇ ਬੁਲਡੋਜ਼ਰ ਚੱਲਣ ਦੀ ਗੱਲ ਸੁਣੀ ਤਾਂ ਉਹ ਆਪਣਾ ਸਾਮਾਨ ਸਾਂਭਣ ਲਈ ਭੱਜੇ ਪਰ ਪੱਲੇ ਕੱਖ ਨਾ ਪਿਆ। ਪੀੜਤ ਰਵੀ ਕੁਮਾਰ ਟਾਈਪਿਸਟ, ਦਨੇਸ਼ ਕੁਮਾਰ, ਸੰਤ ਰਾਮ ਲਹਿਰਾ ਮੁਹੱਬਤ, ਰਾਜੂ ਬੀੜ ਬਹਿਮਣ, ਐਡਵੋਕੇਟ ਹਰਪਿੰਦਰ ਰੱਲਣ, ਐਡਵੋਕੇਟ ਅਭੈ ਕੁਮਾਰ ਖੰਣਗਵਾਲ ਤੇ ਅਸ਼ੋਕ ਖੰਣਗਵਾਲ ਨੇ ਪ੍ਰਸ਼ਾਸਨ ’ਤੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਐਕਸ਼ਨ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ ਅਤੇ ਨਾ ਹੋਈ ਕੋਈ ਨੋਟਿਸ ਦਿੱਤਾ ਗਿਆ। ਇਕੱਠੇ ਹੋਏ ਪੀੜਤਾਂ ਵੱਲੋਂ ਐਡਵੋਕੇਟ ਤੇ ਅਕਾਲੀ ਆਗੂ ਰਾਜਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਰੋਸ ਪ੍ਰਗਟ ਕੀਤਾ ਤੇ ਪੰਜਾਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਬੀਐਂਡਆਰ ਦੇ ਐਕਸੀਅਨ ਮੰਦਰ ਸਿੰਘ ਦਾ ਕਹਿਣਾ ਸੀ ਕਿ ਸਾਂਝੇ ਅਪਰੇਸ਼ਨ ਵਿਚ ਉਹ ਨਗਰ ਨਿਗਮ ਦੀ ਸਹਾਇਤਾ ਕਰ ਰਹੇ ਹਨ। ਨਗਰ ਨਿਗਮ ਦੇ ਐੱਸਸੀ ਸੰਦੀਪ ਗੁਪਤਾ ਨੇ ਕਿਹਾ ਕਿ ਉਹ ਬੀਐਂਡਆਰ ਵਿਭਾਗ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਡਿਪਟੀ ਕਮਿਸ਼ਨਰ ਦੀ ਹਦਾਇਤ ’ਤੇ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਉਸਾਰੀਆਂ ਗੈਰਕਾਨੂੰਨੀ ਸਨ।
INDIA ਕੋਰਟ ਕੰਪਲੈਕਸ ਦੇ ਸਾਹਮਣੇ ਖੋਖਿਆਂ ’ਤੇ ਚੱਲਿਆ ਪੀਲਾ ਪੰਜਾ