ਬਰਲਿਨ (ਸਮਾਜ ਵੀਕਲੀ) : ਰੂਸ ਦੇ ਰਾਸ਼ਟਰਪਤੀ ਵਾਲਦੀਮਿਰ ਪੂਤਿਨ ਦੇ ਵਿਰੋਧੀ ਆਗੂ ਅਲੈਕਸੀ ਨਵਾਲਨੀ (44) ਕੋਮਾ ’ਚੋਂ ਬਾਹਰ ਆ ਗਏ ਹਨ ਅਤੇ ਉਹ ਗੱਲਬਾਤ ਦਾ ਜਵਾਬ ਦੇ ਰਹੇ ਹਨ। ਬਰਲਿਨ ਦੇ ਚਾਰਿਟ ਹਸਪਤਾਲ ਵਲੋਂ ਜਾਰੀ ਬਿਆਨ ਅਨੁਸਾਰ ਨਵਾਲਨੀ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਮਕੈਨੀਕਲ ਵੈਂਟੀਲੇਟਰ ਤੋਂ ਹਟਾਇਆ ਜਾ ਰਿਹਾ ਹੈ। ਹਸਪਤਾਲ ਨੇ ਬਿਆਨ ਵਿੱਚ ਕਿਹਾ, ‘‘ਖ਼ਤਰਨਾਕ ਜ਼ਹਿਰ ਦੇ ਲੰਬੇ ਸਮੇਂ ਵਿੱਚ ਹੋਣ ਵਾਲੇ ਅਸਰਾਂ ਬਾਰੇ ਕੋਈ ਅਨੁਮਾਨ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ।’’ ਦੱਸਣਯੋਗ ਹੈ ਕਿ ਪੂਤਿਨ ਦੇ ਆਲੋਚਕ ਨਵਾਲਨੀ ਨੂੰ ਪਿਛਲੇ ਮਹੀਨੇ ਗੰਭੀਰ ਹਾਲਤ ਵਿੱਚ ਰੂਸ ਦੇ ਸ਼ਹਿਰ ਓਮਸਕ ਤੋਂ ਜਰਮਨੀ ਲਿਜਾਇਆ ਗਿਆ ਸੀ। ਉਹ ਅਚਾਨਕ ਹੀ ਉਡਾਣ ਦੌਰਾਨ ਗੰਭੀਰ ਬਿਮਾਰ ਹੋ ਗਿਆ ਸੀ, ਜਿਸ ਕਾਰਨ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।