ਕੋਟਕਪੂਰਾ ਗੋਲੀ ਕਾਂਡ: ਸੈਣੀ ਤੇ ਉਮਰਾਨੰਗਲ ਜਾਂਚ ਟੀਮ ਸਾਹਮਣੇ ਪੇਸ਼

ਫ਼ਰੀਦਕੋਟ (ਸਮਾਜ ਵੀਕਲੀ): ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪੁੱਛ ਪੜਤਾਲ ਲਈ ਹਾਜ਼ਰ ਹੋਏ। ਜਾਂਚ ਟੀਮ ਨੇ ਸੁਮੇਧ ਸੈਣੀ ਤੋਂ ਇਲਾਵਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਉਸ ਵੇਲੇ ਦੇ ਡੀਆਈਜੀ ਅਮਰ ਸਿੰਘ ਚਾਹਲ ਤੋਂ ਵੀ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛ ਪੜਤਾਲ ਕੀਤੀ। ਸੁਮੇਧ ਸੈਣੀ ਨੂੰ ਪਿਛਲੇ ਹਫ਼ਤੇ ਵੀ ਬੁਲਾਇਆ ਗਿਆ ਸੀ ਪਰ ਜਾਂਚ ਟੀਮ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ। ਇਸ ਕਰਕੇ ਉਨ੍ਹਾਂ ਨੂੰ ਅੱਜ ਦੁਬਾਰਾ ਪੁੱਛ ਪੁੜਤਾਲ ਲਈ ਸੱਦਿਆ ਗਿਆ। ਇਸ ਤੋਂ ਪਹਿਲਾਂ ਜਾਂਚ ਟੀਮ ਫ਼ਰੀਦਕੋਟ ਦੇ ਸਾਬਕਾ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ ਸਮੇਤ 46 ਜਣਿਆਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ।

ਸੂਤਰਾਂ ਅਨੁਸਾਰ ਜਾਂਚ ਟੀਮ ਨੇ ਅੱਜ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੂੰ ਜਾਂਚ ’ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਟੀਮ ਚੰਡੀਗੜ੍ਹ ਪੁਲੀਸ ਅਕੈਡਮੀ ਦਫਤਰ ਵਿੱਚ ਇਨ੍ਹਾਂ ਅਧਿਕਾਰੀਆਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਜਿਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਅੱਜ ਚੰਡੀਗੜ੍ਹ ਬੁਲਾਇਆ ਗਿਆ ਸੀ ਉਨ੍ਹਾਂ ਤੋਂ ਪਹਿਲਾਂ ਵੀ ਇਸ ਮਾਮਲੇ ’ਚ ਪੁੱਛ ਪੜਤਾਲ ਹੋ ਚੁੱਕੀ ਹੈ। ਇਸ ਦੌਰਾਨ ਵਧੀਕ ਡੀਜੀਪੀ ਐੱਲਕੇ ਯਾਦਵ ਫ਼ਰੀਦਕੋਟ, ਡੀਆਈਜੀ ਸੁਰਜੀਤ ਸਿੰਘ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਵੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੜਗੇ ਕਮੇਟੀ ਇਸੇ ਹਫ਼ਤੇ ਸੌਂਪ ਸਕਦੀ ਹੈ ਰਿਪੋਰਟ
Next articleਭਿੰਡਰਾਂਵਾਲੇ ਬਾਰੇ ਸੋਸ਼ਲ ਮੀਡੀਆ ਪੋਸਟ ਲਈ ਹਰਭਜਨ ਨੇ ਮੁਆਫ਼ੀ ਮੰਗੀ