ਫ਼ਰੀਦਕੋਟ (ਸਮਾਜਵੀਕਲੀ) : ਫ਼ਰੀਦਕੋਟ ਦੇ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਕੋਟਕਪੂਰਾ ਗੋਲੀ ਕਾਂਡ ਦੇ ਮੁਲਜ਼ਮਾਂ ਐੱਸਪੀ ਬਲਜੀਤ ਸਿੰਘ ਸਿੱਧੂ ਅਤੇ ਸਿਟੀ ਕੋਟਕਪੂਰਾ ਥਾਣੇ ਦੇ ਤਤਕਾਲੀ ਮੁਖੀ ਗੁਰਦੀਪ ਪੰਧੇਰ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ। ਗੁਰਦੀਪ ਪੰਧੇਰ ਜੇਲ੍ਹ ਵਿੱਚ ਹੈ ਅਤੇ ਉਸ ਨੇ ਮੁਕੱਦਮਾ ਚੱਲਣ ਤੱਕ ਜ਼ਮਾਨਤ ਮੰਗੀ ਸੀ ਜਦੋਂਕਿ ਐੱਸਪੀ ਬਲਜੀਤ ਸਿੰਘ ਸਿੱਧੂ ਨੇ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਪੇਸ਼ਗੀ ਜ਼ਮਾਨਤ ਮੰਗੀ ਸੀ।
ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਦਾਅਵਾ ਕੀਤਾ ਕਿ ਬਲਜੀਤ ਸਿੰਘ ਅਤੇ ਗੁਰਦੀਪ ਪੰਧੇਰ ਨੇ ਝੂਠੀ ਗਵਾਹੀ ਤਿਆਰ ਕਰਨ ਦੀ ਸਾਜ਼ਿਸ਼ ਘੜੀ ਸੀ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਦੋ ਵਾਰ ਨੋਟਿਸ ਭੇਜਣ ਦੇ ਬਾਵਜੂਦ ਬਲਜੀਤ ਸਿੰਘ ਅਦਾਲਤ ਸਾਹਮਣੇ ਪੇਸ਼ ਨਹੀਂ ਹੋਇਆ। ਐੱਸਆਈਟੀ ਨੇ ਦਾਅਵਾ ਕੀਤਾ ਕਿ ਝੂਠੀ ਗਵਾਹੀ ਤਿਆਰ ਕਰਨ ਲਈ ਰਚੀ ਗਈ ਸਾਜ਼ਿਸ਼ ਵਿਚ ਗੁਰਦੀਪ ਪੰਧੇਰ, ਐੱਸਪੀ ਬਲਜੀਤ ਸਿੰਘ ਅਤੇ ਇੱਕ ਆਈਪੀਐੱਸ ਅਧਿਕਾਰੀ ਦੀ ਸ਼ਮੂਲੀਅਤ ਹੈ ਅਤੇ ਇਹ ਆਈਪੀਐੱਸ ਅਧਿਕਾਰੀ ਵੀ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਪੁੱਛ-ਪੜਤਾਲ ਲਈ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਇਆ।
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪੁਲੀਸ ਅਧਿਕਾਰੀਆਂ ਖ਼ਿਲਾਫ਼ ਦਰਜ ਹੋਏ ਮੁਕੱਦਮੇ ’ਚ ਇਲਜ਼ਾਮ ਬੇਹੱਦ ਗੰਭੀਰ ਹਨ। ਇਸ ਲਈ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ।