ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇਥੇ ਆਖਿਆ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਸਗੋਂ ਪਾਰਟੀ ਅਹਿਮ ਹੈ। ਵਿਚਾਰਾਂ ਦੇ ਵਖਰੇਵੇਂ ਹੋਣਾ ਚੰਗੀ ਗੱਲ ਹੈ ਪਰ ਇਹ ਵਖਰੇਵੇਂ ਪਾਰਟੀ ਦੇ ਅੰਦਰ ਬੈਠ ਕੇ ਹੀ ਹੱਲ ਕੀਤੇ ਜਾਣੇ ਚਾਹੀਦੇ ਹਨ। ਉਹ ਅੱਜ ਇਥੇ ਪਾਰਟੀ ਦਫ਼ਤਰ ਦੇ ਉਦਘਾਟਨ ਲਈ ਆਏ ਸਨ।
ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸਿੰਘ ਸੰਧੂ ਖਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਇਸ ਕਾਰਵਾਈ ਨੂੰ ਦਰੁਸਤ ਦੱਸਦਿਆਂ ਆਖਿਆ ਕਿ ਪਾਰਟੀ ਜਾਂ ਪਰਿਵਾਰ ਨੂੰ ਕਾਇਮ ਰੱਖਣ ਲਈ ਉਸ ਵਿਚ ਅਨੁਸ਼ਾਸਨ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਅਤੇ ਅਨੁਸ਼ਾਸਨ ਹਰੇਕ ’ਤੇ ਲਾਗੂ ਹੁੰਦਾ ਹੈ। ‘ਆਪ’ ਬਾਗੀਆਂ ਵੱਲੋਂ ਸੂਬੇ ਵਿਚ ਤੀਜਾ ਗੱਠਜੋੜ ਬਣਾਉਣ ਦੇ ਦਿੱਤੇ ਗਏ ਸੰਕੇਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਹਰੇਕ ਨੂੰ ਪਾਰਟੀ ਬਣਾਉਣ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਇਸ ਪ੍ਰਸਤਾਵਿਤ ਤੀਜੇ ਗਠਜੋੜ ਨੂੰ ‘ਆਪ’ ਲਈ ਚੁਣੌਤੀ ਮੰਨਣ ਤੋਂ ਇਨਕਾਰ ਕੀਤਾ। ਖਹਿਰਾ ਅਤੇ ਸੰਧੂ ਖ਼ਿਲਾਫ਼ ਹੋਈ ਅਨੁਸ਼ਾਸਨੀ ਕਾਰਵਾਈ ਪਿੱਛੇ ਭਗਵੰਤ ਮਾਨ ਦਾ ਹੱਥ ਹੋਣ ਪਿੱਛੇ ਲੱਗ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਜੇਕਰ ਕੋਈ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ ਜਾਂ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਭਗਵੰਤ ਮਾਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਜਦੋਂਕਿ ਉਹ ਚਾਹੁੰਦੇ ਹਨ ਕਿ ਸਾਰਾ ਪੰਜਾਬ ਪਾਰਟੀ ਵਿਚ ਸ਼ਾਮਲ ਹੋਵੇ ਅਤੇ ਪੰਜਾਬ ਨੂੰ ਮੁੜ ਇਕ ਰੰਗਲਾ ਪੰਜਾਬ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਪਾਰਟੀ ਨਾਲ ਨਾਰਾਜ਼ ਹੋਏ ਆਗੂਆਂ ਨੂੰ ਮਨਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਗਿਆ ਹੈ ਅਤੇ ਉਹ ਖੁਦ ਵੀ ਕਈ ਆਗੂਆਂ ਨੂੰ ਮਿਲੇ ਹਨ। ਪਰ ਉਨ੍ਹਾਂ ਨੂੰ ਪਾਰਟੀ ਵਿਚ ਰਹਿੰਦਿਆਂ ਪਾਰਟੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਪਰਵਾਸੀ ਭਾਰਤੀਆਂ ਵੱਲੋਂ ਆਪਣਾ ਸਮਰਥਨ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਤੇ ਜਾਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਐੱਨਆਰਆਈ ਲੋਕਾਂ ਵੱਲੋਂ ਉਸ ਨੂੰ ਵੀ ਸਮਰਥਨ ਦੇ ਸੁਨੇਹੇ ਪੁੱਜੇ ਹਨ। ਐੱਨਆਰਆਈ ਚਾਹੁੰਦੇ ਹਨ ਕਿ ‘ਆਪ’ ਆਗੂ ਇਕ ਮੰਚ ’ਤੇ ਇਕੱਠੇ ਹੋਣ ਤੇ ਪੰਜਾਬ ਦੇ ਗੌਰਵ ਨੂੰ ਮੁੜ ਸਥਾਪਤ ਕਰਨ। ਗੁਰਦੁਆਰਾ ਕਰਤਾਰਪੁਰ ਲਾਂਘੇ ਦਾ ਸਮਰਥਨ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਮੰਚ ਤੋਂ ਉਪਰ ਉਠ ਕੇ ਮੁੱਦੇ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਨਾਲ ਸਿੱਖ ਭਾਈਚਾਰਾ ਅਤੇ ਹੋਰ ਪੰਜਾਬੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਅਸਥਾਨ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰ ਸਕਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਕਨਵੀਨਰ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਸਮੇਤ ਹੋਰ ਹਾਜ਼ਰ ਸਨ। ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਲੰਮਾ ਸਮਾਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਸਬੰਧੀ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਅਤੇ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਨਾਲ ਉਮੀਦਵਾਰਾਂ ਨੂੰ ਲੋਕਾਂ ਕੋਲ ਜਾਣ ਦਾ ਅਤੇ ਪਾਰਟੀ ਦੀ ਗੱਲ ਰੱਖਣ ਦਾ ਮੌਕਾ ਮਿਲ ਸਕੇਗਾ। ਉਨ੍ਹਾਂ ਆਖਿਆ ਕਿ ਲੋਕ ਸਭਾ ਚੋਣਾਂ ਲੋਕ ਮੁੱਦਿਆਂ ਦੇ ਆਧਾਰ ’ਤੇ ਲੜੀਆਂ ਜਾਣਗੀਆਂ।
ਉਨ੍ਹਾਂ ਆਖਿਆ ਕਿ ਸਰਕਾਰ ਬਦਲੀ ਹੈ ਪਰ ਮੁੱਦੇ ਪਹਿਲਾਂ ਵਾਂਗ ਹੀ ਖੜ੍ਹੇ ਹਨ। ਅੱਜ ਵੀ ਰੇਤ ਮਾਫੀਆ, ਕੇਬਲ ਮਾਫੀਆ, ਭੂ ਮਾਫੀਆ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਵਿਅੰਗ ਕੀਤਾ ਕਿ ਸੱਤਾ ਵਿਚ ਸਿਰਫ ਪੱਗਾਂ ਦਾ ਰੰਗ ਤਬਦੀਲ ਹੋਇਆ ਹੈ, ਮਾਫੀਆ ਪਹਿਲਾਂ ਵਾਂਗ ਹੀ ਕਾਰਜਸ਼ੀਲ ਹੈ।
INDIA ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ: ਭਗਵੰਤ ਮਾਨ