ਕੈਲੀਫੋਰਨੀਆ ’ਚ ਅਗਵਾ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਲਾਸ ਏਂਜਲਸ (ਸਮਾਜ ਵੀਕਲੀ) : ਅਮਰੀਕਾ ਦੇ ਸੂਬੇ ਕੈਲੀਫੋਰਨੀਆ ’ਚ ਕੁਝ ਦਿਨ ਪਹਿਲਾਂ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੇ ਸਾਰੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਾਗ ਵਿਚੋਂ ਮਿਲੀਆਂ ਹਨ। ਹੁਸ਼ਿਆਰਪੁਰ ਦੇ ਹਰਸੀ ਪਿੰਡ ਨਾਲ ਸਬੰਧਤ ਇਸ ਪਰਿਵਾਰ ਨੂੰ ਮਰਸਿਡ ਕਾਊਂਟੀ ’ਚ ਉਨ੍ਹਾਂ ਦੇ ਨਵੇਂ ਖੋਲ੍ਹੇ ਗਏ ਟਰੱਕਾਂ ਦੇ ਕਾਰੋਬਾਰ ਵਾਲੀ ਥਾਂ ਤੋਂ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਿਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨਕੇ ਨੇ ਦੱਸਿਆ ਕਿ ਜਸਦੀਪ ਸਿੰਘ (36), ਜਸਲੀਨ ਕੌਰ (27), ਅਰੂਹੀ ਢੇਰੀ (8 ਮਹੀਨੇ) ਅਤੇ ਉਸ ਦੇ ਤਾਏ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬੁੱਧਵਾਰ ਸ਼ਾਮ ਇੰਡਿਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ’ਚੋਂ ਮਿਲੀਆਂ ਹਨ।

ਵਾਰਨਕੇ ਨੇ ਦੱਸਿਆ ਕਿ ਇਕ ਕਾਮੇ ਨੇ ਬਾਗ ਨੇੜੇ ਲਾਸ਼ਾਂ ਨੂੰ ਦੇਖਿਆ ਅਤੇ ਉਸ ਨੇ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਵਾਰਨਕੇ ਨੇ ਕਿਹਾ ਕਿ ਗੁੱਸੇ ਨੂੰ ਜ਼ਾਹਰ ਕਰਨ ਲਈ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਫੜੇ ਗਏ ਸ਼ੱਕੀ ਜੀਸਸ ਮੈਨੂਏਲ ਸੈਲਗਾਡੋ ਲਈ ਨਰਕ ’ਚ ਵੀ ਕੋਈ ਥਾਂ ਨਹੀਂ ਹੋਵੇਗੀ। ਵਾਰਨਕੇ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਪਰਿਵਾਰ ਦੀ ਹੱਤਿਆ ਕਿਵੇਂ ਹੋਈ ਪਰ ਇੰਨਾ ਜ਼ਰੂਰ ਕਿਹਾ ਕਿ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਫੈਲਣ ਤੋਂ ਪਹਿਲਾਂ ਹੀ ਪਰਿਵਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਉਨ੍ਹਾਂ ਦੀ ਹਿਰਾਸਤ ’ਚ ਹੈ, ਉਹ ਮੁੱਖ ਸ਼ੱਕੀ ਹੈ। ਉਂਜ ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ’ਚ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਲਾਸ਼ਾਂ ਮਿਲਣ ਤੋਂ ਪਹਿਲਾਂ ਪਰਿਵਾਰ ਦੇ ਇਕ ਮੈਂਬਰ ਬਲਵਿੰਦਰ ਨੇ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਦੇਣ ਲਈ ਉਹ ਅੱਗੇ ਆਉਣ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਟਰੱਕ ਕੰਪਨੀ ’ਚੋਂ ਕੁਝ ਵੀ ਚੋਰੀ ਨਹੀਂ ਹੋਇਆ ਹੈ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਗਹਿਣੇ ਪਾਏ ਹੋਏ ਸਨ। ਵਾਰਨਕੇ ਨੇ ਦੱਸਿਆ ਸੀ ਕਿ ਅਗਵਾ ਕਰਨ ਤੋਂ ਬਾਅਦ ਇਕ ਪੀੜਤ ਦੇ ਏਟੀਐੱਮ ਦੀ ਵਰਤੋਂ ਮਰਸਿਡ ਤੋਂ 14 ਕਿਲੋਮੀਟਰ ਦੂਰ ਐਟਵਾਟਰ ’ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਗਵਾਕਾਰ ਨੇ ਫਿਰੌਤੀ ਦੀ ਕੋਈ ਮੰਗ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਪਰਿਵਾਰ ਨੂੰ ਅਗਵਾ ਕਰਨ ਦਾ ਇਕ ਨਵਾਂ ਵੀਡੀਓ ਜਾਰੀ ਕੀਤਾ ਸੀ ਜਿਸ ’ਚ ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਹੱਥ ਇਕੱਠਿਆਂ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਕੁਝ ਪਲਾਂ ਬਾਅਦ ਦੇ ਵੀਡੀਓ ’ਚ ਅਗਵਾਕਾਰ ਜਸਲੀਨ ਅਤੇ 8 ਮਹੀਨਿਆਂ ਦੀ ਬੱਚੇ ਅਰੂਹੀ ਨਾਲ ਟਰੱਕ ’ਚ ਇਮਾਰਤ ਤੋਂ ਬਾਹਰ ਆਉਂਦਾ ਨਜ਼ਰ ਆ ਰਿਹਾ ਹੈ। ਸੈਲਗਾਡੋ (48) ਨੂੰ ਪੁਲੀਸ ਨੇ ਮੰਗਲਵਾਰ ਦੁਪਹਿਰੇ ਹਿਰਾਸਤ ’ਚ ਲਿਆ ਸੀ ਅਤੇ ਉਸ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਸ ਮਗਰੋਂ ਉਹ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਹੈ। ਸ਼ੈਰਿਫ਼ ਦੇ ਦਫ਼ਤਰ ਨੇ ਕਿਹਾ ਕਿ ਸੈਲਗਾਡੋ ਨੇ ਆਪਣੇ ਪਰਿਵਾਰ ਅੱਗੇ ਕਬੂਲਿਆ ਹੈ ਕਿ ਉਸ ਨੇ ਪਰਿਵਾਰ ਨੂੰ ਅਗਵਾ ਕੀਤਾ ਸੀ। ਸੈਲਗਾਡੋ ਨੂੰ 2005 ’ਚ ਡਕੈਤੀ ਦੇ ਦੋਸ਼ ਹੇਠ 11 ਸਾਲ ਦੀ ਜੇਲ੍ਹ ਹੋਈ ਸੀ। ਜਾਂਚਕਾਰਾਂ ਮੁਤਾਬਕ ਸੈਲਗਾਡੋ ਅਤੇ ਅਗਵਾ ਕੀਤਾ ਗਿਆ ਪਰਿਵਾਰ ਪਹਿਲਾਂ ਤੋਂ ਇਕ-ਦੂਜੇ ਨੂੰ ਨਹੀਂ ਜਾਣਦਾ ਸੀ। ਪਰਿਵਾਰਕ ਮੈਂਬਰਾਂ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਯੂਨੀਸਨ ਟਰੱਕਿੰਗ ਕੰਪਨੀ ਇਕ ਹਫ਼ਤੇ ਪਹਿਲਾਂ ਹੀ ਖੋਲ੍ਹੀ ਗਈ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝੀ
Next articleਏਆਈਜੀ ਆਸ਼ੀਸ਼ ਕਪੂਰ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ