ਸੂਰਤ, (ਸਮਾਜ ਵੀਕਲੀ):
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਚਾਰ ਕਾਮਿਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗੲੇ। ਸੂਰਤ ਦੇ ਇੰਚਾਰਜ ਚੀਫ ਫਾਇਰ ਅਧਿਕਾਰੀ ਬਸੰਤ ਪਾਰਿਕ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਕਰੀਬ 10:30 ਵਜੇ ਕੈਮੀਕਲ ਕੰਟੇਨਰ ਵਿੱਚ ਧਮਾਕਾ ਹੋਇਆ ਅਤੇ ਇਸ ਮਗਰੋਂ ਸਚਿਨ ਗੁਜਰਾਤ ਇੰਡਸਟਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਸਥਿਤ ਅਨੁਪਮ ਰਸਾਇਣ ਇੰਡੀਆ ਲਿਮਟਿਡ ਵਿੱਚ ਚਾਰੇ ਪਾਸੇ ਅੱਗ ਫ਼ੈਲ ਗਈ।
ਕੰਪਨੀ ਨੇ ਅਧਿਕਾਰੀਆਂ ਨੇ ਅੱਜ ਪੁਲੀਸ ਸਟੇਸ਼ਨ ਵਿੱਚ ਦੱਸਿਆ ਕਿ ਇਸ ਧਮਾਕੇ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਹਾਦਸੇ ਦੌਰਾਨ ਚਾਰੋਂ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ। ਪੁਲੀਸ ਇੰਸਪੈਕਟਰ ਡੀਵੀ ਬਲਦਾਨੀਆ ਨੇ ਦੱਸਿਆ ਕਿ ਰਾਤ ਵੇਲੇ ਫੈਕਟਰੀ ਵਿੱਚੋਂ ਇੱਕ ਵਿਅਕਤੀ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ, ਜਦਕਿ ਤਿੰਨ ਕਰਮਚਾਰੀ ਲਾਪਤਾ ਸਨ, ਜਿਨ੍ਹਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ 20 ਕਰਮਚਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਸੂਰਤ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਦੀ ਵਜ੍ਹਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਵੇਲੇ ਕੰਪਨੀ ਹਾਦਸੇ ਦੌਰਾਨ ਜ਼ਖ਼ਮੀ ਹੋਏ ਕਰਮਚਾਰੀਆਂ ਦੀ ਮਦਦ ਨੂੰ ਪਹਿਲ ਦੇ ਰਹੀ ਹੈ ਅਤੇ ਘਟਨਾ ਦੀ ਜਾਂਚ ਮਗਰੋਂ ਅਣਗਹਿਲੀ ਕਰਨ ਵਾਲੇ ਦਾ ਪਤਾ ਲਗਾਇਆ ਜਾਵੇਗਾ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ 15 ਗੱਡੀਆਂ ਮੰਗਵਾਉਣੀਆਂ ਪਈਆਂ ਅਤੇ ਵਿਭਾਗ ਦੇ ਅਮਲੇ ਨੇ ਦੋ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਬੜੀ ਮੁਸ਼ਕਲ ਨਾਲ ਅੱਗ ਬੁਝਾਈ।