ਕੈਮੀਕਲ ਫੈਕਟਰੀ ’ਚ ਲੱਗੀ ਅੱਗ ਕਾਰਨ ਕਰੋੜਾਂ ਦਾ ਨੁਕਸਾਨ

ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਸਥਿਤ ਕੈਮੀਕਲ ਫੈਕਟਰੀ (ਸੀ-142) ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੈਕਟਰੀ ਅੰਦਰ ਚੌਕੀਦਾਰ ਸਣੇ ਪੰਜ ਪਰਿਵਾਰ ਰਹਿੰਦੇ ਹਨ ਪਰ ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਪਰਿਵਾਰ ਸਹੀ ਸਲਾਮਤ ਬਾਹਰ ਆ ਗਏ। ਅੱਗ ਇੰਨੀ ਭਿਆਨਕ ਸੀ ਕਿ ਕਾਲਾ ਧੂੰਆਂ ਕਾਫ਼ੀ ਦੂਰ ਤੱਕ ਫੈਲ ਗਿਆ। ਦੇਰ ਸ਼ਾਮ ਕਰੀਬ ਸਾਢੇ 6 ਵਜੇ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਕਰੀਬ ਪੌਣੇ ਚਾਰ ਵਜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਡਿਵੀਜ਼ਨਲ ਫਾਇਰ ਅਫ਼ਸਰ ਕ੍ਰਿਸ਼ਨ ਲਾਲ ਕੱਕੜ, ਫਾਇਰ ਅਫ਼ਸਰ ਮੋਹਨ ਲਾਲ ਵਰਮਾ ਤੇ ਫਾਇਰ ਅਫ਼ਸਰ ਕਰਮ ਚੰਦ ਸੂਦ ਤੁਰੰਤ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚੇ ਪਰ ਅੱਗ ਹੋਰ ਜ਼ਿਆਦਾ ਫੈਲਦੀ ਗਈ। ਇਹ ਅੱਗ ਥਿਨਰ ਤੇ ਹੋਰ ਰਸਾਇਣ ਨੂੰ ਲੱਗੀ ਸੀ। ਅੱਗ ਨੂੰ ਪਾਣੀ ਨਾਲ ਨਹੀਂ ਬੁਝਾਇਆ ਜਾ ਸਕਦਾ ਸੀ। ਇਸ ਮਗਰੋਂ ਚੰਡੀਗੜ੍ਹ ਦੀ ਟੀਮ ਦੋ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪੁੱਜੀ ਤੇ ਫੋਮ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਕਰੀਬ 20 ਫਾਇਰ ਟੈਂਡਰ ਲੱਗੇ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਐੱਸਡੀਐਮ ਜਗਦੀਸ਼ ਸਹਿਗਲ ਅਤੇ ਤਹਿਸੀਲਦਾਰ ਅਤੇ ਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਫੈਕਟਰੀ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਈ।
ਪਹਿਲਾਂ ਅੱਗ ’ਚ ਕੁਝ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ ਤੇ ਚੌਕੀਦਾਰ ਦੀ ਪਤਨੀ ਆਪਣੇ ਪਤੀ ਤੇ ਲੜਕੇ ਨੂੰ ਲੱਭ ਰਹੀ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਫੈਕਟਰੀ ਵਿੱਚ ਰਹਿੰਦੇ ਸਾਰੇ ਪਰਿਵਾਰ ਸਹੀ ਸਲਾਮਤ ਹਨ। ਚੌਕੀਦਾਰ ਦਵਿੰਦਰ ਸਿੰਘ ਨੇ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਫੈਕਟਰੀ ਮਾਲਕ ਸਤਪਾਲ ਗਰਗ ਨੂੰ ਜਾਣਕਾਰੀ ਦਿੱਤੀ ਸੀ ਅਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਮੁਹਾਲੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਇੱਕ ਤੋਂ ਬਾਅਦ ਇੱਕ ਧਮਾਕਾ ਹੋਇਆ ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

Previous articleਮੋਦੀ ਖ਼ਿਲਾਫ਼ ਵਾਰਾਣਸੀ ਤੋਂ ਚੋਣ ਲੜਾਂਗਾ: ਚੰਦਰਸ਼ੇਖਰ
Next articleRs 210 crore of Army insurance funds sunk in IL&FS bonds