ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ 83 ਹਲਕੇ ਲੜਾਕੂ ਜਹਾਜ਼ ਤੇਜਸ ਖ਼ਰੀਦਣ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਹਵਾਈ ਸੈਨਾ ਲਈ ਇਹ ਜੈੱਟ 49 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਹ ਫ਼ੈਸਲਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਇਹ ਸੌਦਾ ਭਾਰਤੀ ਰੱਖਿਆ ਉਤਪਾਦਨ ਦੇ ਖੇਤਰ ’ਚ ਆਤਮ-ਨਿਰਭਰਤਾ ਲਈ ਇਤਿਹਾਸਕ ਹੋਵੇਗਾ।
ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ’ਤੇ ਤਿਆਰ ਕੀਤੇ ਜਾਣ ਵਾਲੇ ਐੱਲਸੀਏ ਤੇਜਸ ਨਾਲ ਜੁੜੀ ਇਸ ਖ਼ਰੀਦ ’ਤੇ ਲਾਗਤ ਕਰੀਬ 49 ਹਜ਼ਾਰ ਕਰੋੜ ਰੁਪਏ ਆਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਤੇਜਸ ਭਾਰਤੀ ਹਵਾਈ ਸੈਨਾ ਲਈ ਆਉਂਦੇ ਵਰ੍ਹਿਆਂ ’ਚ ਰੀੜ੍ਹ ਦੀ ਹੱਡੀ ਸਾਬਿਤ ਹੋਣਗੇ। ਕਰੀਬ ਤਿੰਨ ਵਰ੍ਹੇ ਪਹਿਲਾਂ ਹਵਾਈ ਸੈਨਾ ਨੇ 83 ਤੇਜਸ ਜੈੱਟ ਖ਼ਰੀਦਣ ਲਈ ਟੈਂਡਰ ਜਾਰੀ ਕੀਤੇ ਸਨ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਤੇਜਸ ਨਵੀਂ ਤਕਨਾਲੋਜੀ ਵਾਲਾ ਜੈੱਟ ਹੈ ਅਤੇ ਇਹ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਵੱਲੋਂ ਤਿਆਰ ਕੀਤੇ ਗਏ ਹਨ ਜਿਨ੍ਹਾਂ ਪਹਿਲਾਂ ਹੀ ਨਾਸਿਕ ਅਤੇ ਬੰਗਲੂਰੂ ’ਚ ਇਨ੍ਹਾਂ ਦੇ ਨਿਰਮਾਣ ਦੇ ਕਾਰਖਾਨੇ ਲਗਾਏ ਹੋਏ ਹਨ।