*ਆਹਲਾ ਅਧਿਕਾਰੀਆਂ ਦੀ ਹਾਜ਼ਰੀ ਵਿਚ ਵਰਚੂਅਲ ਪ੍ਰਣਾਲੀ ਰਾਹੀਂ ਚੰਡੀਗੜ ਤੋਂ ਕੀਤਾ ਉਦਘਾਟਨ
*ਦੁਆਬਾ ਖੇਤਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਹੋਵੇਗਾ ਵੱਡਾ ਲਾਭ
ਕਪੂਰਥਲਾ , 8 ਜੁਲਾਈ (ਕੌੜਾ ) (ਸਮਾਜਵੀਕਲੀ):– ਸਹਿਕਾਰਤਾ ਅਤੇ ਜੇਲਾਂ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮਾਰਕਫੈੱਡ ਦੇ ਆਧੁਨਿਕ ਕੈਟਲਫੀਡ ਅਤੇ ਅਲਾਇਡ ਇੰਡਸਟ੍ਰੀਜ਼ ਪਲਾਂਟ ਕਪੂਰਥਲਾ ਨੂੰ ਮਾਰਕਫੈੱਡ ਚੰਡੀਗੜ ਤੋਂ ਵਰਚੂਅਲ ਪ੍ਰਣਾਲੀ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਸ੍ਰੀ ਵਿਕਾਸ ਗਰਗ, ਚੇਅਰਮੈਨ ਮਾਰਕਫੈੱਡ ਸ. ਅਮਰਜੀਤ ਸਿੰਘ ਸਮਰਾ, ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਸ੍ਰੀ ਵਰੁਣ ਰੂਜਮ, ਏ. ਐਮ. ਡੀ (ਜੀ) ਮਾਰਕਫੈੱਡ ਸ੍ਰੀ ਰਾਹੁਲ ਗੁਪਤਾ ਅਤੇ ਬੋਰਡ ਦੇ ਸਮੂਹ ਮੈਂਬਰ ਮੌਜੂਦ ਸਨ।
ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਲਾਕਡਾਊਨ ਵਿਚ ਮਾਰਕਫੈੱਡ ਵੱਲੋਂ ਕੀਤੀ ਗਈ ਇਸ ਵਪਾਰਕ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਖੇਤਰ ਖੇਤਰ ਵਿਚ ਅਜਿਹੇ ਅਤਿ-ਆਧੁਨਿਕ ਪਲਾਂਟ ਦੀ ਬੇਹੱਦ ਲੋੜ ਸੀ, ਜੋ ਇਕ ਸੰਤੁਲਿਤ ਪਸ਼ੂ ਖ਼ੁਰਾਕ ਤਿਆਰ ਕਰ ਸਕੇ। ਉਨਾਂ ਮਾਰਕਫੈੱਡ ਵੱਲੋਂ ਕਪੂਰਥਲਾ ਪਲਾਂਟ ਦੇ ਆਧਾਰ ’ਤੇ ਇਕ ਹੋਰ ਪਲਾਂਟ ਗਿੱਦੜਬਾਹਾ ਵਿਖੇ ਵੀ ਲਗਾਏ ਜਾਣ ਦੀ ਇੱਛਾ ਪ੍ਰਗਟਾਈ। ਉਨਾਂ ਕਿਹਾ ਕਿ ਇਸ ਪਲਾਂਟ ਨਾਲ ਦੁਆਬਾ ਖੇਤਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਮਾਰਕਫੈ ੱਡ ਦੇ ਪ੍ਰਬੰਧਕ ਨਿਰਦੇਸ਼ਕ ਸ੍ਰੀ ਵਰੁਣ ਰੂਜਮ ਨੇ ਪਲਾਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹ ਪਲਾਂਟ ਪੂਰੀ ਤਰਾਂ ਸਵੈ-ਚਾਲਿਤ ਹੈ ਅਤੇ ਇਸ ਵਿਚ ਉਤਪਾਦਨ ਦੌਰਾਨ ਕਿਸੇ ਪ੍ਰਕਾਰ ਦਾ ਇਨਸਾਨੀ ਛੋਅ ਨਹੀਂ ਹੈ। ਉਨਾਂ ਇਹ ਵੀ ਦੱਸਿਆ ਕਿ ਇਹ ਪੰਜਾਬ ਦਾ ਮੌਜੂਦਾ ਸਮੇਂ ਦਾ ਸਭ ਤੋਂ ਅਤਿ-ਆਧੁਨਿਕ ਪਲਾਂਟ ਹੈ। ਉਨਾਂ ਦੱਸਿਆ ਕਿ ਕੋਵਿਡ-19 ਦੇ ਚੁਨੌਤੀ ਭਰੇ ਸਮੇਂ ਦੌਰਾਨ ਵੀ ਇਸ ਪਲਾਂਟ ਨੇ ਆਪਣੀ ਉਤਪਾਦਨ ਸਮਰੱਥਾ ਤੋਂ 240 ਐਮ. ਟੀ ਵੱਧ ਉਤਪਾਦਨ ਕਰ ਕੇ ਰਿਕਾਰਡ ਕਾਇਮ ਕੀਤਾ ਹੈ ਅਤੇ ਬਿਹਤਰ ਲਾਭ ਹਾਸਲ ਕੀਤਾ ਹੈ।
ਉਨਾਂ ਇਹ ਵੀ ਜਾਣੂ ਕਰਵਾਇਆ ਕਿ ਇਹ ਪਲਾਂਟ 13 ਕਰੋੜ ਦੀ ਲਾਗਤ ਨਾਲ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ 150 ਟੀ. ਪੀ. ਡੀ ਹੈ, ਜੋ ਕਿ 300 ਟੀ. ਪੀ. ਡੀ ਤੱਕ ਵਧਾਈ ਜਾ ਸਕਦੀ ਹੈ। ਇਸ ਦੌਰਾਨ ਉਨਾਂ ਇਸੇ ਮਹੀਨੇ ਕੈਟਲ ਫੀਡ ਖ਼ਰੀਦ ਉੱਪਰ ਸ਼ੁਰੂ ਕੀਤੀ ਜਾਣ ਵਾਲੀ ਇਨਾਮੀ ਸਕੀਮ ਬਾਰੇ ਵੀ ਜਾਣੂ ਕਰਵਾਇਆ। ਮਾਰਕਫੈੱਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਵੱਲੋਂ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਗਿਆ।
ਇਸ ਪਲਾਂਟ ਨੂੰ ਲੋਕ ਅਰਪਿਤ ਕੀਤੇ ਜਾਣ ਮੌਕੇ ਮਾਰਕਫੈੱਡ ਕਪੂਰਥਲਾ ਵਿਖੇ ਕਰਵਾਏ ਸਮਾਗਮ ਦੌਰਾਨ ਮਾਰਕਫੈੱਡ ਕਪੂਰਥਲਾ ਦੇ ਜਨਰਲ ਮੈਨੇਜਰ ਸ. ਰਾਜਸ਼ੇਰ ਸਿੰਘ ਛੀਨਾ ਨੇ ਦੱਸਿਆ ਕਿ ਕਪੂਰਥਲਾ ਦੇ ਇਸ ਅਤਿ-ਆਧੁਨਿਕ ਪਲਾਂਟ ਨਾਲ ਦੁਆਬਾ ਖੇਤਰ ਦੇ ਮੱਕੀ ਅਤੇ ਸਰੋਂ ਉਤਪਾਦਕ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨਾਂ ਦੱਸਿਆ ਕਿ ਇਹ ਯੂਨਿਟ ਪੰਜਾਬ ਦੀ ਪਹਿਲੀ ਸਵੈ-ਚਾਲਤ ਇਕਾਈ ਹੈ, ਜਿਸ ਨੂੰ 15 ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਚਾਲੂ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਪਲਾਂਟ ਦੀ ਖਾਸੀਅਤ ਇਹ ਹੈ ਕਿ ਇਸ ਦੇ ਸਵੈ-ਚਾਲਿਤ ਹੋਣ ਕਾਰਨ ਜੇਕਰ ਕੋਈ ਪਸ਼ੂ ਖ਼ੁਰਾਕ ਦੀ ਨਿਰਧਾਰਤ ਗੁਣਵੱਤਾ ਨਾਲ ਛੇੜਛਾੜ ਕਰਦਾ ਹੈ ਤਾਂ ਸੈਂਸਰ ਆਧਾਰਤ ਕੰਪਿਊਟਰਾਈਜ਼ਡ ਮਸ਼ੀਨਰੀ ਤੁਰੰਤ ਉਤਪਾਦਨ ਰੋਕ ਦੇਵੇਗੀ। ਉਨਾਂ ਦੱਸਿਆ ਕਿ ਕਪੂਰਥਲਾ ਵਿਚ ਸਥਾਪਿਤ ਕੀਤਾ ਇਹ ਪਲਾਂਟ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਛੋਟੇ ਦੁਕਾਨਦਾਰ ਉੱਤਮ ਕੁਆਲਿਟੀ ਦੀ ਪਸ਼ੂ ਖ਼ੁਰਾਕ ਫੈਕਟਰੀ ਤੋਂ ਲੈ ਕੇ ਆਸਾਨੀ ਨਾਲ ਕਿਸਾਨਾਂ ਤੱਕ ਪਹੁੰਚਾ ਸਕਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਪਸ਼ੂ ਖ਼ੁਰਾਕ ਘੱਟ ਰੇਟ ’ਤੇ ਮੰਡੀ ਵਿਚ ਕਿਸਾਨਾਂ ਲਈ ਉਪਲਬੱਧ ਹੋਵੇਗੀ। ਇਸ ਮੌਕੇ ਮਾਰਕਫੈੱਡ ਕਪੂਰਥਲਾ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।