ਭਾਦਸੋਂ- ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਦੇ ਮਾਮਲੇ ’ਤੇ ਉਦੋਂ ਮਾਹੌਲ ਗਰਮਾ ਗਿਆ ਜਦੋਂ ਹਲਕਾ ਨਾਭਾ ਦੇ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਦੇ ਜਵਾਈ ਨੇ ਕਾਰਜਸਾਧਕ ਅਫਸਰ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਦੇ ਜਵਾਈ ਵਲੋਂ ਕਥਿਤ ਤੌਰ ’ਤੇ ਨਾਜਾਇਜ਼ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਸ਼ਹਿਰ ਵਾਸੀਆਂ ਨੇ ਰੋਸ ਧਰਨਾ ਲਾਇਆ ਸੀ। ਉਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਾਜਾਇਜ਼ ਉਸਾਰੀ ਰੁਕਵਾ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਦੇ ਜਵਾਈ ਨੇ ਉਸਾਰੀ ਦੁਬਾਰਾ ਸ਼ੂਰੁ ਕਰਵਾ ਦਿੱਤੀ। ਲੋਕਾਂ ਨੇ ਇਸ ਮਾਮਲੇ ਦੀ ਜਾਣਕਾਰੀ ਕਾਰਜਸਾਧਕ ਅਫਸਰ ਅਸ਼ੀਸ਼ ਕੁਮਾਰ ਨੂੰ ਦਿੱਤੀ, ਜੋ ਪੂਰੇ ਅਮਲੇ ਅਤੇ ਪੁਲੀਸ ਪ੍ਰਸ਼ਾਸਨ ਸਮੇਤ ਉਸਾਰੀ ਰੁਕਵਾਉਣ ਲਈ ਆਏ ਪਰ ਕੈਬਨਿਟ ਮੰਤਰੀ ਦੇ ਜਵਾਈ ਵਲੋਂ ਕਾਰਜਸਾਧਕ ਅਫਸਰ ਨਾਲ ਕਥਿਤ ਤੌਰ ’ਤੇ ਧੱਕਾਮੁੱਕੀ ਕੀਤੀ ਗਈ। ਇਸ ਦੌਰਾਨ ਥਾਣਾ ਭਾਦਸੋਂ ਦੇ ਏ.ਐੱਸ.ਆਈ. ਹਰਜਿੰਦਰ ਸਿੰਘ , ਏ.ਐੱਸ.ਆਈ. ਮੇਵਾ ਸਿੰਘ ਅਤੇ ਪੁਲੀਸ ਕਰਮਚਾਰੀਆਂ ਦੀ ਮੁਸਤੈਦੀ ਕਰਕੇ ਮੌਕੇ ’ਤੇ ਹਾਲਾਤ ਉਪਰ ਕਾਬੂ ਪਾ ਲਿਆ ਗਿਆ। ਇਸ ਸਬੰਧੀ ਥਾਣਾ ਭਾਦਸੋਂ ਦੇ ਇੰਚਾਰਜ ਮਾਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
INDIA ਕੈਬਨਿਟ ਮੰਤਰੀ ਦੇ ਜਵਾਈ ਵਲੋਂ ਕਾਰਜਸਾਧਕ ਅਫਸਰ ਨਾਲ ਹੱਥੋਪਾਈ