ਚੰਡੀਗੜ੍ਹ- ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ ’ਤੇ ਕੇਂਦਰਿਤ ਹੋਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੂਪਨਗਰ-ਚੰਡੀਗੜ੍ਹ ਮਾਰਗ ਦੇ ਨਾਲ ਸਨਅਤੀ ਜ਼ੋਨ ਦੇ ਵਿਕਾਸ ਲਈ ਰੂਪਨਗਰ ਮਾਸਟਰ ਪਲਾਨ ਵਿਚ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਰੀਜਨਲ ਤੇ ਟਾਊਨ ਪਲਾਨਿੰਗ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਬੋਰਡ ਦੀ 39ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਆਮ ਲੋਕਾਂ ਦੇ ਇਤਰਾਜ਼ ਅਤੇ ਸੁਝਾਅ ਮੰਗਣ ਲਈ ਜਨਤਕ ਨੋਟਿਸ ਜਾਰੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਬੰਨ ਮਾਜਰਾ, ਮੁਗਲ ਮਾਜਰੀ, ਭਾਗੋ ਮਾਜਰਾ, ਚਟੋਲੀ, ਮਥਰਾੜੀ, ਅਧਰੇੜਾ ਅਤੇ ਚਰਹੇੜੀ ਪਿੰਡਾਂ ’ਤੇ ਆਧਾਰਿਤ ਉਦਯੋਗਿਕ ਜ਼ੋਨ ਦੇ ਵਿਕਾਸ ਲਈ ਰਾਹ ਪੱਧਰਾ ਹੋਵੇਗਾ। ਇਸ ਤੋਂ ਪਹਿਲਾਂ ਰੂਪਨਗਰ ਨੇੜੇ ਪ੍ਰਸਤਾਵਿਤ ਸਨਅਤੀ ਜ਼ੋਨ ਬਾਰੇ ਪੇਸ਼ਕਾਰੀ ਦਿੰਦਿਆਂ ਟਾਊਨ ਤੇ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਕਵਿਤਾ ਮੋਹਨ ਸਿੰਘ ਨੇ ਬੋਰਡ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਇਸ ਖੇਤਰ ਵਿਚ ਕਈ ਉਦਯੋਗਿਕ ਯੂਨਿਟ ਪਹਿਲਾਂ ਹੀ ਮੌਜੂਦ ਹਨ ਅਤੇ ਆਪਣੇ ਯੂਨਿਟਾਂ ਦਾ ਵਿਸਥਾਰ ਕਰਨ ਲਈ ਕੁਝ ਮਸਲਿਆਂ ਦਾ ਸਾਹਮਣਾ ਕਰ ਰਹੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਬਨੂੜ ਮਾਸਟਰ ਪਲਾਨ ਵਿਚ ਉਦਯੋਗਿਕ ਜ਼ੋਨ ਨੂੰ ਪ੍ਰਵਾਨਗੀ ਦੇਣ ਦਾ ਫ਼ੈਸਲਾ ਵੀ ਲਿਆ ਗਿਆ ਹੈ, ਜਿਸ ਨਾਲ ਕੌਮਾਂਤਰੀ ਹਵਾਈ ਅੱਡਾ, ਮੁਹਾਲੀ ਨੇੜੇ ਹੋਣ ਕਰਕੇ ਇਸ ਖੇਤਰ ਵਿਚ ਉਦਯੋਗਿਕ ਵਿਕਾਸ ਹੋ ਸਕੇਗਾ।ਕੈਪਟਨ ਅਮਰਿੰਦਰ ਸਿੰਘ ਨੇ ਰਿਹਾਇਸ਼ੀ ਜ਼ੋਨ ਵਿਕਸਿਤ ਕਰਨ ਲਈ ਕਪੂਰਥਲਾ ਮਾਸਟਰ ਪਲਾਨ ਵਿਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ, ਜੋ ਰੇਲ ਕੋਚ ਫੈਕਟਰੀ ਦੇ ਸਾਹਮਣੇ ਮੌਜੂਦ ਸਾਰੀਆਂ ਮੌਜੂਦਾ ਰਿਹਾਇਸ਼ੀ ਕਲੋਨੀਆਂ ਦੀ ਵੀ ਵਿਵਸਥਾ ਕਰੇਗਾ। ਉਨ੍ਹਾਂ ਨੇ ਹਾਊਸਿੰਗ ਦੇ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ, ਨਿਵੇਸ਼ ਪੰਜਾਬ ਦੇ ਸੀ.ਈ.ਓ. ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ’ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਹੈ, ਜੋ ਮਹਾਰਾਸ਼ਟਰ ਅਤੇ ਕਰਨਾਟਕਾ ਦੇ ਮੌਜੂਦਾ ਮਾਡਲਾਂ ਦੀ ਘੋਖ ਕਰਨ ਮਗਰੋਂ ਘਣਤਾ ਅਤੇ ਐੱਫ.ਏ.ਆਰ. (ਫਲੋਰ ਏਰੀਆ ਰੇਸ਼ੋ) ਨਾਲ ਸਬੰਧਤ ਮਸਲੇ ਵਿਚਾਰੇਗੀ ਤਾਂ ਕਿ ਰੀਅਲ ਅਸਟੇਟ ਸੈਕਟਰ ਵਿਚ ਵਿਆਪਕ ਵਿਕਾਸ ਯਕੀਨੀ ਬਣਾਇਆ ਜਾ ਸਕੇ।
INDIA ਕੈਪਟਨ ਵੱਲੋਂ ਰੂਪਨਗਰ ਮਾਸਟਰ ਪਲਾਨ ’ਚ ਸੋਧ ਨੂੰ ਹਰੀ ਝੰਡੀ