ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਨਾਥ ਰਾਏ ਤੇ ਅਕਾਲੀ ਕੌਂਸਲਰਾਂ ਨੇ ਅੱਜ ਮੁੜ ਕਾਂਗਰਸ ਸਰਕਾਰ ਅਤੇ ਨਗਰ ਨਿਗਮ ਦਫ਼ਤਰ ਦੇ ਅਫ਼ਸਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬੀਤੇ ਦਿਨ ਵੀ ਮੇਅਰ ਨੇ ਆਪਣੇ ਆਪ ਨੂੰ ਲੋਹੇ ਦੇ ਸੰਗਲ਼ਾਂ ਨਾਲ ਜਕੜ ਕੇ ਬਠਿੰਡਾ ਦੇ ਰਹਿੰਦੇ ਵਿਕਾਸ ਕੰਮ ਨੂੰ ਰੋਕਣ ’ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਸੀ। ਅੱਜ ਫੇਰ ਦੂਜੇ ਦਿਨ ਮੇਅਰ ਵੱਲੋਂ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਨੂੰ ਨਾਲ ਲੈ ਕੇ ਨਗਰ ਨਿਗਮ ਦਫ਼ਤਰ ’ਤੇ ਅਨੋਖਾ ਪ੍ਰਦਰਸ਼ਨ ਕੀਤਾ। ਅੱਜ ਦੇ ਪ੍ਰਦਰਸ਼ਨ ਦੌਰਾਨ ਮੇਅਰ ਆਪਣੀ ਕੁਰਸੀ ’ਤੇ ਬੈਠ ਕੇ ਜਦੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੀਆਂ ਰਹਿੰਦੀਆਂ ਫਾਈਲਾਂ ’ਤੇ ਦਸਤਖ਼ਤ ਕਰਨ ਲੱਗਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਦੇ ਮਖੌਟੇ ਪਹਿਨੀ ਲੋਕ ਮੇਅਰ ਨੂੰ ਫਾਈਲ ’ਤੇ ਦਸਤਖ਼ਤ ਕਰਨ ਤੋਂ ਰਕਦੇ। ਆਖਰ ਇਨ੍ਹਾਂ ਮੁਖੌਟਾਧਾਰੀਆਂ ਨੇ ਉਨ੍ਹਾਂ ਨੂੰ ਨਿਗਮ ਦੇ ਦਫ਼ਤਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਮੌਕੇ ਮੇਅਰ ਸਮੇਤ ਕੌਂਸਲਰਾਂ ਦੇ ਕੰਮ ਰੋਕਣ ਦੇ ਰੋਸ ਵਜੋਂ ਕਾਲੀਆ ਪੱਟੀਆਂ ਵੀ ਬੰਨ੍ਹੀਆਂ ਹੋਈਆ ਸਨ। ਮੇਅਰ ਨੇ ਦੋਸ਼ ਲਗਾਏ ਕਿ ਨਿਗਮ ਦੇ ਅਫ਼ਸਰਾਂ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਵਿਕਾਸ ਕੰਮ ਰੋਕੇ ਹੋਏ ਹਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਦੂਜੀ ਵਾਰ ਫੇਰ ਪ੍ਰਦਰਸ਼ਨ ਕਰਨਾ ਪਿਆ। ਅੱਜ ਦੇ ਪ੍ਰਦਰਸ਼ਨ ਮੌਕੇ ਡਿਪਟੀ ਮੇਅਰ ਗੁਰਵਿੰਦਰ ਕੌਰ ਮਾਂਗਟ, ਕੌਂਸਲਰ ਹਰਵਿੰਦਰ ਸ਼ਰਮਾ, ਗੁਰਬਚਨ ਖੁੱਭਣ, ਨਿਰਮਲ ਸੰਧੂ, ਪੰਕਜ ਅਰੋੜਾ ਤੇ ਮਿੱਠੂ ਰਾਮ ਮੌਜੂਦ ਸਨ।