ਕੈਪਟਨ ਨੇ ਪੰਨੂ ਨੂੰ ਪੰਜਾਬ ਆਉਣ ਦੀ ਦਿੱਤੀ ਚੁਣੌਤੀ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ‘ਖਾਲਿਸਤਾਨ‘ ਦਾ ਝੰਡਾ ਲਹਿਰਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੀ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਵਰਗੇ ਭਾਰਤ ਵਿਰੋਧ ਅਨਸਰਾਂ ਦੇ ਕੂੜ ਪ੍ਰਚਾਰ ਦੇ ਬਹਿਕਾਵੇ ’ਚ ਨਾ ਆਉਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਨੇ ਪੰਨੂ ਨੂੰ ਵੰਗਾਰਦਿਆਂ ਕਿਹਾ, ‘ਤੂੰ ਪੰਜਾਬ ਤਾਂ ਆ ਕੇ ਵੇਖ, ਮੈਂ ਤੈਨੂੰ ਸਬਕ ਸਿਖਾਵਾਂਗਾ।’ ਉਨ੍ਹਾਂ  ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਕਿ ਮੋਗਾ ’ਚ ਵਾਪਰੀ ਘਟਨਾ ਵਿੱਚ ਪਛਾਣੇ ਗਏ ਦੋ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪੁਲੀਸ ਨੇ ਦੋਵਾਂ ਦੇ ਸਿਰ ’ਤੇ 50 ਹਜ਼ਾਰ ਰੁਪਏ ਦੇ ਇਨਾਮ ਵੀ ਐਲਾਨਿਆ ਹੈ, ਜਿਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇੇਜ ਵੀ ਜਾਰੀ ਕੀਤੀ ਗਈ ਹੈ।

ਅੱਜ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਹਫ਼ਤਾਵਰੀ ਲੜੀ ਦੌਰਾਨ ਮੁੱਖ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਪੰਨੂ ਨੂੰ ਕੋਈ ਤਵੱਜੋ ਨਾ ਦੇਣ ਦੀ ਅਪੀਲ ਕੀਤੀ ਹੈ। ਪੰਨੂ ਵੱਲੋਂ ਆਜ਼ਾਦੀ ਦਿਵਸ ਮੌਕੇ ਕਾਲੇ ਝੰਡੇ ਲਹਿਰਾਉਣ ਦੇ ਸੱਦੇ ’ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ’ਚ ਪੰਜਾਬੀ ਖੁਸ਼ਹਾਲ ਲੋਕ ਹਨ ਅਤੇ ਕੈਨੇਡਾ ਜਾਂ ਅਮਰੀਕਾ ’ਚ ਬੈਠੇ ਕਿਸੇ ਅਨਸਰ ਦੇ ਕਹਿਣ ’ਤੇ ਅਜਿਹੀਆਂ ਹਰਕਤਾਂ ਨੂੰ ਅੰਜਾਮ ਦੇਣ ’ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ।

Previous articleਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ
Next article‘Turkey to retaliate against attack on its vessels in Mediterranean’