ਚੰਡੀਗੜ੍ਹ (ਸਮਾਜਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਾਮੀ ਚੋਣਾਂ ਦੀ ਤਿਆਰੀ ਵਜੋਂ ਅੱਜ ‘ਸ਼ਾਹੀ ਭੋਜ’ ਦਾ ਅਗਲਾ ਦੌਰ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਮੁੱਖ ਮੰਤਰੀ ਨੇ ‘ਸ਼ਾਹੀ ਭੋਜ’ ’ਤੇ ਸਿਸਵਾਂ ਫਾਰਮ ਹਾਊਸ ਵਿਚ ਬੁਲਾਇਆ। ਕਰੀਬ ਤਿੰਨ ਘੰਟੇ ਇਨ੍ਹਾਂ ਦੋਵੇਂ ਵਿਧਾਇਕਾਂ ਨਾਲ ਮੁੱਖ ਮੰਤਰੀ ਨੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਆਉਂਦੇ ਦਿਨਾਂ ’ਚ ਹੋਰਨਾਂ ਵਿਧਾਇਕਾਂ ਨੂੰ ਵੀ ਪੜਾਅਵਾਰ ਸੱਦਿਆ ਜਾਣਾ ਹੈ।
ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਦੁਪਹਿਰ ਦੇ ਖਾਣੇ ਦੌਰਾਨ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਵੀ ਅੰਮ੍ਰਿਤਸਰ ਦੇ ਦੋਵੇਂ ਵਿਧਾਇਕਾਂ ਨਾਲ ਚਰਚਾ ਕੀਤੀ ਹੈ। ਹਾਲਾਂਕਿ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ ਪਰ ਅਗਾਮੀ ਚੋਣਾਂ ਦੀ ਅਗੇਤੀ ਤਿਆਰੀ ਵਜੋਂ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਸਮੇਤ ਹੋਰਨਾਂ ਮਾਮਲਿਆਂ ਬਾਰੇ ਵੀ ਵਿਧਾਇਕਾਂ ਨਾਲ ਗੱਲਬਾਤ ਕੀਤੀ ਹੈ। ਵੇਰਵਿਆਂ ਮੁਤਾਬਕ ਮੁੱਖ ਮੰਤਰੀ ਹਰ ਵਿਧਾਇਕ ਤੋਂ ਹਲਕਿਆਂ ਦੀ ਫੀਡ ਬੈਕ ਲੈਣਗੇ। ਕਰੋਨਾਵਾਇਰਸ ਦੀ ਸਥਿਤੀ ਅਤੇ ਹਲਕੇ ਵਿਚ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵੀ ਜਾਣਿਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਮੁੱਖ ਮੰਤਰੀ ਇਸ ਤੋਂ ਪਹਿਲਾਂ ਦੋ ਦਫ਼ਾ ਅਲੱਗ-ਅਲੱਗ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਦੁਪਹਿਰ ਦੇ ਖਾਣੇ ’ਤੇ ਬੁਲਾ ਚੁੱਕੇ ਹਨ। ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਮੀਟਿੰਗ ਮਗਰੋਂ ਆਖਿਆ ਕਿ ਮੁੱਖ ਮੰਤਰੀ ਨਾਲ ਅੱਜ ਵਿਕਾਸ ਕੰਮਾਂ ਬਾਰੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ 25 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕਰਾਉਣ ਲਈ ਵਿਕਾਸ ਕੰਮਾਂ ਦੀ ਸੂਚੀ ਮੁੱਖ ਮੰਤਰੀ ਨੂੰ ਸੌਂਪੀ ਹੈ। ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਇਹੋ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਦੇ ਪੈਂਡਿੰਗ ਵਿਕਾਸ ਕੰਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ।