ਪੰਜਾਬ(ਰਾਜਨਦੀਪ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਪੱਤਰਕਾਰਾਂ ਨਾਲ ਆਨਲਾਈਨ ਪ੍ਰੈਸ ਕਾਨਫੰਰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਮੁੱਦਿਆਂ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਚੁੱਪੀ ਤੋੜਦੇ ਹੋਏ, ਕਾਨਫਰੰਸ ‘ਚ ਸਿੱਧੂ ਦਾ ਵੀ ਜ਼ਿਕਰ ਕੀਤਾ।
2022 ਦੀਆਂ ਪੰਜਾਬ ਚੋਣਾਂ ਜ਼ਰੂਰ ਲੜਾਂਗਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਦਰਅਸਲ ਕੈਪਟਨ ਵਲੋਂ ਕੋਰੋਨਾ ਵਾਇਰਸ ਸਬੰਧੀ ਆਨਲਾਈਨ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾਂ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਅਤੇ ਮਿੱਤਰਾਂ ਨੇ ਉਨ੍ਹਾਂ ਦੇ ਇਸ ਫੈਸਲੇ ਨੂੰ ਗਲਤ ਠਹਿਰਾਇਆ, ਜਿਸ ਤੋਂ ਬਾਅਦ ਕੈਪਟਨ ਨੇ ਐਲਾਨ ਕੀਤਾ ਕਿ ਉਹ ਸਾਲ 2022 ਦੀਆਂ ਚੋਣਾਂ ਜ਼ਰੂਰ ਲੜਨਗੇ।
ਲਾਕਡਾਊਨ ਸਮੇਂ ਦੀ ਸਕੂਲ ਫੀਸ ਵਸੂਲਣ ਬਾਰੇ ਹਾਈਕੋਰਟ ਦੇ ਫੈਸਲੇ ਖਿਲਾਫ ਕਰਾਂਗੇ ਅਪੀਲ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਈਕੋਰਟ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਲਾਕਡਾਊਨ ਸਮੇਂ ਲਈ ਵਿਦਿਆਰਥੀਆਂ ਤੋਂ ਫੀਸ ਵਸੂਲਣ ਦੀ ਇਜਾਜ਼ਤ ਦੇਣ ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਅਪੀਲ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਹਰੀ ਝੰਡੀ ਮਿਲਣ ਤਕ ਸਕੂਲਾਂ ਨੂੰ ਖੋਲ੍ਹਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।
ਪ੍ਰਸ਼ਾਂਤ ਕਿਸ਼ੋਰ ਨੂੰ ਲਿਆਉਣ ‘ਤੇ 55 ਵਿਧਾਇਕ ਹੱਕ ‘ਚ
ਪ੍ਰਸ਼ਾਂਤ ਕਿਸ਼ੋਰ ਨੂੰ 2022 ਚੋਣਾਂ ਲਈ ਹਾਇਰ ਕਰਨ ਦੇ ਮਾਮਲੇ ‘ਤੇ ਪੱਤਰਕਾਰਾਂ ਨਾਲ ਆਨਲਾਈਨ ਪ੍ਰੈਸ ਕਾਨਫਰੰਸ ‘ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਂਤ ਕਿਸ਼ੋਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ 2017 ਦੀਆਂ ਚੋਣਾਂ ਤੋਂ ਬਾਅਦ ਮੇਰੇ ਚੰਗੇ ਦੋਸਤ ਬਣ ਗਏ ਅਤੇ ਉਹ ਮੈਨੂੰ ਅਕਸਰ ਮਿਲਦੇ ਰਹਿੰਦੇ ਹਨ। ਪਿਛਲੇ ਦਿਨੀਂ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਨੂੰ ਵਾਪਸੀ ਬਾਰੇ ਪੁੱਛਿਆ ਸੀ। ਉਸ ਤੋਂ ਬਾਅਦ ਜਦੋਂ ਆਨਲਾਈਨ ਮੀਟਿੰਗ ‘ਚ ਮੈਂ ਵਿਧਾਇਕਾਂ ਨਾਲ ਗੱਲਬਾਤ ਕੀਤੀ ਤਾਂ 55 ਵਿਧਾਇਕਾਂ ਨੇ ਵੀ ਇਸ ‘ਤੇ ਹਾਮੀ ਭਰੀ ਹੈ। ਇਸ ਲਈ ਸੰਭਵ ਹੈ ਕਿ ਆਉਂਦੀਆਂ ਵਿਧਾਨ ਸਭਾ ‘ਚ ਵੀ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਲਈ ਵਿਉਂਤਬੰਦੀ ਘੜਦੇ ਨਜ਼ਰ ਆ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਜ਼ਰੂਰੀ ਹਿੱਸਾ
ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਜਾਣ ਦੀਆਂ ਖਬਰਾਂ ‘ਤੇ ਸੀ. ਐਮ. ਕੈਪਟਨ ਨੇ ਪੂਰਨ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਨੇ ਸਿੱਧੂ ਨੂੰ ਪਾਰਟੀ ਦਾ ਇਕ ਬਹੁਤ ਜ਼ਰੂਰੀ ਹਿੱਸਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਿੱਧੂ ਬਾਰੇ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੂੰ ਕੋਈ ਤਕਲੀਫ ਹੈ ਤਾਂ ਉਹ ਮੇਰੇ ਨਾਲ ਗੱਲ ਕਰੇ।
ਕੇਂਦਰ ਦਾ ਫੈਸਲਾ ਕਿਸਾਨਾਂ ਦੇ ਹੱਕ ‘ਚ ਨਹੀਂ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਖੇਤੀ ਖੇਤਰ ਲਈ ਐਲਾਨੇ ਅਖੌਤੀ ਸੁਧਾਰਾਂ ਨੂੰ ਮੁਲਕ ਦੇ ਸੰਘੀ ਢਾਂਚੇ ਨੂੰ ਖੋਰਾ ਲਾਉਣ ਅਤੇ ਅਸਥਿਰ ਕਰਨ ਲਈ ਢੀਠਤਾ ਵਾਲਾ ਇਕ ਹੋਰ ਯਤਨ ਆਖਦਿਆਂ ਰੱਦ ਕੀਤਾ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਵਿਵਸਥਾ ਦੇ ਖਾਤਮੇ ਦਾ ਮੁੱਢ ਬੱਝੇਗਾ ਅਤੇ ਸੂਬੇ ਦੇ ਕਿਸਾਨਾਂ ਅੰਦਰ ਬੇਚੈਨੀ ਪੈਦਾ ਹੋਵੇਗੀ। ਭਾਰਤ ਦੇ ਸੰਵਿਧਾਨ ਤਹਿਤ ਸੁਰੱਖਿਅਤ ਸੂਬਿਆਂ ਦੇ ਅਧਿਕਾਰਾਂ ਨੂੰ ਦਬਾਉਣ ਵਾਲੇ ਕੇਂਦਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਭਾਰਤ ਸਰਕਾਰ ਦੇ ਮੁਲਕ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੇ ਹਰ ਕਦਮ ਖਿਲਾਫ਼ ਲੜੇਗਾ ਜਿਸ ਨਾਲ ਸੂਬੇ ਦੇ ਮਜ਼ਬੂਤ ਖੇਤੀ ਉਤਪਾਦਨ ਅਤੇ ਮਾਰਕੀਟਿੰਗ ਵਿਵਸਥਾ ‘ਚ ਸਿੱਧਾ ਜਾਂ ਨੁਕਸਾਨਦਾਇਕ ਦਖਲ ਦਿੱਤਾ ਜਾ ਰਿਹਾ ਹੋਵੇ।
ਪੰਜਾਬ ‘ਚ ਜਿੰਮ ਖੋਲ੍ਹੇ ਜਾਣ ‘ਤੇ ਵੀ ਬੋਲੇ ਕੈਪਟਨ
ਪੰਜਾਬ ‘ਚ ਨੌਜਵਾਨਾਂ ਵਲੋਂ ਕਾਫੀ ਦਿਨਾਂ ਤੋਂ ਜਿੰਮ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੰਦਿਆਂ ਜਿੰਮ ਖੋਲ੍ਹਣ ‘ਤੇ ਅਸਮਰੱਥਤਾ ਪ੍ਰਗਟਾਈ ਹੈ। ਅੱਜ ਆਨ ਲਾਈਨ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਨੇ ਕਿਹਾ ਕਿ ਸੂਬੇ ਦੇ ਜਿੰਮ ਖੋਲ੍ਹਣਾ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ ਹੈ।