ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੈਨੇਡਾ ਨੂੰ ਅੱਜ 5-1 ਗੋਲਾਂ ਨਾਲ ਹਰਾ ਕੇ ਪੁਰਸ਼ ਵਿਸ਼ਵ ਹਾਕੀ ਕੱਪ ਦੇ ਪੂਲ ‘ਸੀ’ ਵਿੱਚ ਚੋਟੀ ’ਤੇ ਰਹਿੰਦਿਆਂ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਕਲਿੰਗਾ ਸਟੇਡੀਅਮ ਵਿੱਚ ਖੇਡੇ ਮੈਚ ਦੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਪਹਿਲਾ ਗੋਲ ਦਾਗ਼ਿਆ। ਇਸ ਤੋਂ ਬਾਅਦ ਚੌਥੇ ਕੁਆਰਟਰ ਵਿੱਚ ਚਿੰਗੇਲੇਨਸਾਨਾ ਸਿੰਘ (46ਵੇਂ ਮਿੰਟ), ਲਲਿਤ ਉਪਾਧਿਆਇ (47ਵੇਂ ਮਿੰਟ ਤੇ 57ਵੇਂ ਮਿੰਟ) ਅਤੇ ਅਮਿਤ ਰੋਹਿਦਾਸ (51ਵੇਂ ਮਿੰਟ) ਨੇ ਲਗਾਤਾਰ ਚਾਰ ਗੋਲ ਦਾਗ਼ੇ। ਕੈਨੇਡਾ ਵੱਲੋਂ ਇਕਲੌਤਾ ਗੋਲ ਫਲੋਰਿਸ ਵਾਨ ਸੋਨ ਨੇ 39ਵੇਂ ਮਿੰਟ ਵਿੱਚ ਕੀਤਾ। ਇਸ ਜਿੱਤ ਨਾਲ ਭਾਰਤ ਦੇ ਸੱਤ ਅੰਕ ਹੋ ਗਏ ਹਨ। ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਦੇ ਵੀ ਇੰਨ੍ਹੇ ਹੀ ਅੰਕ ਹਨ, ਪਰ ਬਿਹਤਰੀਨ ਗੋਲਾਂ ਦੇ ਲਿਹਾਜ਼ ਨਾਲ ਮੇਜ਼ਬਾਨ ਟੀਮ ਪੂਲ ‘ਸੀ’ ਵਿੱਚ ਸਿਖ਼ਰ ’ਤੇ ਰਹਿੰਦਿਆਂ ਅਗਲੇ ਗੇੜ ਵਿੱਚ ਪਹੁੰਚੀ।
ਇੱਕ ਹੋਰ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 5-1 ਗੋਲਾਂ ਨਾਲ ਹਰਾ ਕੇ ਬੈਲਜੀਅਮ ਸੱਤ ਅੰਕਾਂ ਨਾਲ ਪੂਲ ‘ਸੀ’ ਵਿੱਚ ਤੀਜੇ ਸਥਾਨ ’ਤੇ ਹੈ। ਦੱਖਣੀ ਅਫਰੀਕਾ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਆਪਣੇ ਗੇੜ ਵਿੱਚ ਸਿਖ਼ਰ ’ਤੇ ਰਹਿੰਦਿਆਂ ਭਾਰਤ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ, ਜਦੋਂਕਿ ਬੈਲਜੀਅਮ ਨੂੰ ਆਖ਼ਰੀ ਅੱਠ ਵਿੱਚ ਪਹੁੰਚਣ ਲਈ ਕ੍ਰਾਸ ਓਵਰ ਦੇ ਗੇੜ ਵਿੱਚੋਂ ਦੀ ਲੰਘਣਾ ਪਵੇਗਾ। ਬਿਹਤਰ ਗੋਲਾਂ ਕਾਰਨ ਦੱਖਣੀ ਅਫਰੀਕਾ ਗਰੁੱਪ ਗੇੜ ਵਿੱਚ ਤੀਜੇ ਸਥਾਨ ’ਤੇ ਰਿਹਾ, ਜਦੋਂਕਿ ਕੈਨੇਡਾ ਨੂੰ ਸਭ ਤੋਂ ਹੇਠਲੇ ਸਥਾਨ ’ਤੇ ਰਹਿੰਦਿਆਂ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।
ਭਾਰਤ ਤੇ ਕੈਨੇਡਾ ਵਿਚਾਲੇ ਮੈਚ ਕਾਫੀ ਚੁਣੌਤੀ ਪੂਰਨ ਰਿਹਾ। ਦੋਵੇਂ ਟੀਮਾਂ ਦੂਜੇ ਤੇ ਤੀਜੇ ਕੁਆਰਟਰ ਦੌਰਾਨ ਇੱਕ-ਦੂਜੇ ਖ਼ਿਲਾਫ਼ ਰੱਖਿਆਤਮਕ ਅਤੇ ਹਮਲਾਵਰ ਹੋ ਕੇ ਖੇਡੀਆਂ। ਮੇਜ਼ਬਾਨ ਨੂੰ ਮੈਚ ਦੇ ਸ਼ੁਰੂ ਵਿੱਚ ਕਈ ਮੌਕੇ ਮਿਲੇ, ਪਰ ਉਹ ਇੱਕ ਦਾ ਹੀ ਫ਼ਾਇਦਾ ਉਠਾ ਸਕੀ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਪਹਿਲਾ ਮੌਕਾ ਨੌਵੇਂ ਮਿੰਟ ਵਿੱਚ ਮਿਲਿਆ, ਜਦੋਂ ਕਪਤਾਨ ਮਨਪ੍ਰੀਤ ਸਿੰਘ ਦੇ ਪਾਸ ’ਤੇ ਗੋਲ ਪੋਸਟ ਦੇ ਮੁਹਾਣੇ ’ਤੇ ਖੜ੍ਹੇ ਦਿਲਪ੍ਰੀਤ ਸਿੰਘ ਨੇ ਸ਼ਾਟ ਮਾਰਿਆ, ਜਿਸ ਨੂੰ ਕੈਨੇਡੀਅਨ ਗੋਲਕੀਪਰ ਐਂਟਨੀ ਕਿੰਡਲਰ ਨੇ ਸਫਲ ਨਹੀਂ ਹੋਣ ਦਿੱਤਾ। ਅਗਲੇ ਪਲ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ। ਮਨਪ੍ਰੀਤ ਦੇ ਸ਼ਾਟ ਦਾ ਕੈਨੇਡਾ ਦੇ ਗੋਲਕੀਪਰ ਨੇ ਆਸਾਨੀ ਨਾਲ ਬਚਾਅ ਕੀਤਾ। ਭਾਰਤ ਨੂੰ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਹਰਮਨਪ੍ਰੀਤ ਨੇ ਕਾਮਯਾਬੀ ਦਿਵਾਈ। ਉਸ ਨੇ ਕੈਨੇਡੀਅਨ ਡਿਫੈਂਸ ਵਿੱਚ ਸੰਨ੍ਹ ਲਾਉਂਦਿਆਂ ਸ਼ਾਨਦਾਰ ਸ਼ਾਟ ਮਾਰਿਆ, ਜੋ ਗੋਲ ਵਿੱਚ ਬਦਲ ਗਿਆ। ਭਾਰਤ ਨੂੰ ਅਗਲੇ ਪਲ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਇਹ ਗੋਲ ਵਿੱਚ ਨਹੀਂ ਬਦਲ ਸਕਿਆ।
ਦੂਜੇ ਗੇੜ ਵਿੱਚ ਕੈਨੇਡਾ ਨੇ ਮੇਜ਼ਬਾਨ ਟੀਮ ਦੇ ਸ਼ਾਨਦਾਰ ਸ਼ਾਟ ਰੋਕੇ। ਕੈਨੇਡਾ ਦੇ ਗੋਲਕੀਪਰ ਕਿੰਡਲਰ ਨੇ ਦੂਜੇ ਕੁਆਰਟਰ ਵਿੱਚ ਲਗਾਤਾਰ ਦੋ ਸ਼ਾਨਦਾਰ ਸ਼ਾਟਾਂ ਨੂੰ ਗੋਲ ਵਿੱਚ ਨਹੀਂ ਬਦਲਣ ਦਿੱਤਾ। ਸੁਮਿਤ ਨੇ ਪਹਿਲਾ ਗੋਲ ਸ਼ਾਟ ਮਾਰਿਆ, ਜੋ ਪੋਸਟ ਤੋਂ ਉਪਰੋਂ ਦੀ ਬਾਹਰ ਚਲਾ ਗਿਆ। ਇਸ ਤੋਂ ਬਾਅਦ ਆਕਾਸ਼ਦੀਪ ਸਿੰਘ ਨੇ ਸਿਮਰਨਜੀਤ ਸਿੰਘ ਵੱਲੋਂ ਦਿੱਤੇ ਪਾਸੇ ’ਤੇ ਗੋਲ ਦਾਗ਼ਣ ਦਾ ਯਤਨ ਕੀਤਾ। ਤੀਜੇ ਕੁਆਰਟਰ ਵਿੱਚ ਕੈਨੇਡਾ ਨੇ ਮੋੜਵੇਂ ਹਮਲੇ ਸ਼ੁਰੂ ਕਰ ਦਿੱਤੇ। ਉਸ ਨੂੰ 39ਵੇਂ ਮਿੰਟ ਵਿੱਚ ਕਾਮਯਾਬੀ ਮਿਲੀ। ਉਸ ਦੇ ਖਿਡਾਰੀ ਫਲੋਰਿਸ ਵਾਨ ਸੋਨ ਨੇ ਭਾਰਤੀ ਸੁਰੱਖਿਆ ਵਿੱਚ ਸੰਨ੍ਹ ਲਾਉਂਦਿਆਂ ਗੋਲ ਕੀਤਾ। ਚੌਥੇ ਕੁਆਰਟਰ ਫਾਈਨਲ ਵਿੱਚ ਭਾਰਤ ਨੇ ਹਮਲੇ ਤੇਜ਼ ਕਰਦਿਆਂ ਲਗਾਤਾਰ ਚਾਰ ਗੋਲ ਦਾਗ਼ੇ।
Sports ਕੈਨੇਡਾ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ