ਸਰੀ (ਸਮਾਜ ਵੀਕਲੀ) -ਬੀ.ਸੀ. ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 84 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਵਾਇਰਸ ਤੋਂ ਪ੍ਰਵਾਭਿਤ ਲੋਕਾਂ ਦੀ ਕੁੱਲ ਗਿਣਤੀ 4,358 ਹੋ ਗਈ ਹੈ ਜਦੋਂ ਕਿ ਸੂਬੇ ਵਿਚ 196 ਲੋਕ ਕੋਵਿਡ-19 ਕਾਰਨ ਜਾਨ ਗੁਆ ਚੁੱਕੇ ਹਨ। ਇਸ ਸਮੇਂ ਬੀ.ਸੀ. ਵਿਚ ਵਾਇਰਸ ਸੰਬੰਧੀ 629 ਕੇਸ ਹਨ, ਜਿਨ੍ਹਾਂ ਵਿੱਚੋਂ 12 ਪੀੜਤ ਹਸਪਤਾਲਾਂ ਵਿਚ ਦਾਖਲ ਹਨ ਅਤੇ 4 ਆਈ.ਸੀ.ਯੂ. ਵਿਚ ਹਨ।
ਅੱਜ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਟਵੀਟ ‘ਚ ਲਿਖਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੇਸਾਂ ਦੀ ਗਿਣਤੀ ਵਧਣ ਕਾਰਨ ਵੈਨਕੂਵਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਕਈ ਬਾਰ, ਰੈਸਟੋਰੈਂਟ ਅਤੇ ਨਾਈਟ ਕਲੱਬ ਬੰਦ ਕਰ ਦਿੱਤੇ ਗਏ ਹਨ।
ਵਰਨਣਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 121,568 ਤੱਕ ਪੁੱਜ ਗਈ ਹੈ ਅਤੇ 9,020 ਲੋਕ ਇਸ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ। ਅੱਜ ਕੈਨੇਡਾ ਭਰ ਵਿਚ 418 ਨਵੇਂ ਕੇਸ ਦਰਜ ਕੀਤੇ ਗਏ ਹਨ। ਓਨਟਾਰੀਓ ਵਿਚ 92, ਕਿਊਬਿਕ ਵਿਚ 87 ਅਤੇ ਅਲਬਰਟਾ ਵਿਚ 84 ਨਵੇਂ ਕੇਸ ਆਏ ਹਨ।
ਇਸੇ ਦੌਰਾਨ ਅੱਜ ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥਰੈਸਾ ਟੈਮ ਅਤੇ ਡਿਪਟੀ ਪਬਲਿਕ ਹੈਲਥ ਅਫ਼ਸਰ ਡਾ. ਹੌਵਰਡ ਨਿਊ ਨੇ ਕੋਰੋਨਾ ਵਾਇਰਸ ਸਬੰਧੀ ਨਵੇਂ ਮਾਡਲਿੰਗ ਦੇ ਅੰਕੜੇ ਪੇਸ਼ ਕੀਤੇ ਹਨ, ਜਿਨ੍ਹਾਂ ਅਨੁਸਾਰ 23 ਅਗਸਤ ਤੱਕ ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 127,700 ਤੋਂ ਜ਼ਿਆਦਾ ਹੋ ਸਕਦੀ ਹੈ ਅਤੇ ਮੌਤਾਂ ਦੀ ਗਿਣਤੀ 9,115 ਤੱਕ ਪੁੱਜ ਸਕਦੀ ਹੈ।