ਐਬਟਸਫੋਰਡ – ਇੰਡੀਆ ਕੈਨੇਡਾ ਐਸੋਸੀਏਸ਼ਨ ਦੇ ਆਪੂ ਬਣੇ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜੋ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਛੇੜਖਾਨੀ ਕਰਨ ਦੇ ਮਾਮਲੇ ਸਬੰਧੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿੱਚ 20 ਮਾਰਚ ਨੂੰ ਹੋਈ ਕਾਰਵਾਈ ਅਧੀਨ,ਅਗਲੀ ਪੇਸ਼ੀ 17 ਅਪਰੈਲ ਨੂੰ ਕੀਤੇ ਜਾਣ ਸਬੰਧੀ ਮਾਨਯੋਗ ਜੱਜ ਵੱਲੋਂ ਆਦੇਸ਼ ਦਿੱਤੇ ਗਏ ਹਨ।
ਵੈਸਟ ਵੈਨਕੂਵਰ ਪੁਲਿਸ ਅਨੁਸਾਰ ਦੀਪਕ ਸ਼ਰਮਾ ਨੂੰ ਆਪਣੀ ਟੈਕਸੀ ਵਿੱਚ ਸਵਾਰ ਇੱਕ ਔਰਤ ਨਾਲ ਜ਼ਬਰਦਸਤੀ ਅਤੇ ਜਿਸਮਾਨੀ ਛੇੜ-ਛਾੜ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਮਗਰੋਂ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ, ਦੀਪਕ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਲਾਂਭੇ ਕਰ ਦਿੱਤਾ ਗਿਆ ਸੀ, ਉਧਰ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੀਪਕ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ ‘ਚ ਟੈਕਸੀ ਪਰਮਿਟ ਵੀ, ਜਿਸਮਾਨੀ ਛੇੜਛਾੜ ਦੇ ਚਾਰਜ ਲੱਗਣ ਮਗਰੋਂ ਵਾਪਸ ਲੈ ਲਿਆ ਗਿਆ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਦੀਪਕ ਸ਼ਰਮਾ ਖਿਲਾਫ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਚਾਰਜ ਕੀਤਾ ਗਿਆ, ਪ੍ਰੰਤੂ ਉਸ ਨੇ 10 ਫਰਵਰੀ ਨੂੰ ਆਪਣੀ ਸੰਸਥਾ ਇੰਡੀਆ- ਕੈਨੇਡਾ ਐਸੋਸੀਏਸ਼ਨ ਵੱਲੋਂ ਲੈਂਗਲੀ ਬੈਂਕੁਟ ਹਾਲ ‘ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿੱਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਐਬਸਫੋਰਡ ਦੇ ਵਿਧਾਇਕ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ ‘ਤੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ । ਇੱਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ, ਚਾਰਜ ਲੱਗਣ ਤੋਂ ਮਗਰੋਂ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਤਿੱਖੇ ਵਿਵਾਦਾਂ ਦੇ ਘੇਰੇ ਵਿੱਚ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਹ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਬੋਲਣ ਵਾਲੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ। ਇਸ ਦੌਰਾਨ ਟੈਕਸੀ ਇੰਡਸਟਰੀ ਨਾਲ ਸਬੰਧਿਤ ਲੋਕਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਨਮੋਸ਼ੀਜਨਕ ਕਰਾਰ ਦਿੰਦਿਆਂ, ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਆਈਸੀਬੀਸੀ ਨਾਲ ਫਰਾਡ ਕਰਨ ਅਤੇ ਧੋਖਾਧੜੀ ਦੇ ਗੰਭੀਰ ਮਾਮਲੇ ਵਿੱਚ ਦੀਪਕ ਸ਼ਰਮਾ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਦਰ ਦੇ ਸਾਬਕਾ ਪ੍ਰਧਾਨ ਦੀਪਕ ਸ਼ਰਮਾ ਦੀ ਅਗਲੀ ਪੇਸ਼ੀ 17 ਅਪਰੈਲ ਨੂੰ ਹੋਵੇਗੀ।