ਟੋਰਾਂਟੋ/ਜਲੰਧਰ (ਹਰਜਿੰਦਰ ਛਾਬੜਾ)- ਕੈਨੇਡਾ ਦੀਆਂ ਫੈਡਰਲ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਉਵੇਂ-ਉਵੇਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਨਾਲ-ਨਾਲ ਪੰਜਾਬ ਵਿਚ ਵੀ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਪੰਜਾਬ ਵਾਸੀ ਵੀ ਪੱਬਾਂ ਭਾਰ ਹਨ। 21 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ‘ਤੇ ਆਮ ਲੋਕਾਂ ਦੇ ਨਾਲ ਵਿਦਿਆਰਥੀਆਂ ਤੇ ਵੀਜ਼ਾ ਸਲਾਹਕਾਰਾਂ ਵਲੋਂ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਵੀ ਕੈਨੇਡਾ ਚੋਣਾਂ ਵਿਚ ਕਾਫੀ ਦਿਲਚਸਪੀ ਦਿਖਾ ਰਹੇ ਹਨ। 2015 ਵਿਚ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਲਿਬਰਲ ਪਾਰਟੀ ਆਫ ਕੈਨੇਡਾ ਦੇ ਆਗੂ ਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵਾਰ ਫਿਰ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਹਨ, ਜਿਨ੍ਹਾਂ ਦੀ ਜਿੱਤ ਲਈ ਕੈਨੇਡਾ ਦੇ ਨਾਲ-ਨਾਲ ਪੰਜਾਬ ਵਿਚ ਵੀ ਅਰਦਾਸਾਂ ਹੋ ਰਹੀਆਂ ਹਨ।
ਕੈਨੇਡਾ ਦੇ ਪੰਜਾਬੀਆਂ ਨੇ ਭਾਰਤ ਦੀਆਂ ਆਮ ਚੋਣਾਂ ਲਈ ਓਨੀ ਦਿਲਚਸਪੀ ਨਹੀਂ ਵਿਖਾਈ ਜਿੰਨੀ ਦਿਲਚਸਪੀ ਇਸ ਵੇਲੇ ਪੰਜਾਬ ਦੇ ਲੋਕ ਕੈਨੇਡਾ ਵਿਚ ਹੋਣ ਵਾਲੀਆਂ ਚੋਣਾਂ ਵਿਚ ਦਿਖਾ ਰਹੇ ਹਨ। ਪਿੰਡਾਂ ਤੇ ਆਈਲੈਟਸ ਸੈਂਟਰਾਂ ਵਿਚ ਰੋਜ਼ਾਨਾ ਕੈਨੇਡਾ ਵਿਚ ਹੋਣ ਵਾਲੀਆਂ ਚੋਣਾਂ ਦੀਆਂ ਹੀ ਗੱਲ੍ਹਾਂ ਹੁੰਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਅਗਲੇ ਸਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਸਿੱਧੇ ਤੌਰ ‘ਤੇ ਕੈਨੇਡਾ ਵਿਚ ਨਵੇਂ ਚੁਣੇ ਜਾਣ ਵਾਲੇ ਪ੍ਰਧਾਨ ਮੰਤਰੀ ‘ਤੇ ਹੀ ਨਿਰਭਰ ਕਰੇਗਾ। ਦੱਸ ਦਈਏ ਕਿ 2015 ਤੋਂ ਪਹਿਲਾਂ ਕੈਨੇਡਾ ਵਿਚ ਵਿਦਿਆਰਥੀ ਵੀਜ਼ੇ ਲਈ ਸਖ਼ਤ ਨਿਯਮ ਸਨ ਪਰ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਸਾਲ ਹੀ 80 ਹਜ਼ਾਰ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਇਸ ਤੋਂ ਅਗਲੇ ਸਾਲ ਡੇਢ ਲੱਖ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ। ਵੀਜ਼ਾ ਸਲਾਹਕਾਰਾਂ ਦੀ ਮੰਨੀਏ ਤਾਂ ਲਿਬਰਲ ਪਾਰਟੀ ਹਮੇਸ਼ਾ ਇੰਮੀਗ੍ਰੇਸ਼ਨ ਲਈ ਨਰਮ ਰਵੱਈਆ ਰੱਖਦੀ ਆਈ ਹੈ। ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਪੜ੍ਹਣ ਲਈ ਕੈਨੇਡਾ ਵੱਲ ਰੁੱਖ ਕਰ ਰਹੇ ਹਨ। ਅਜਿਹੇ ਵਿਚ ਜਸਟਿਨ ਟਰੂਡੋ ਦੀ ਜਿੱਤ ਉਨ੍ਹਾਂ ਦੇ ਸਪਨਿਆਂ ਨੂੰ ਖੰਭ ਲਗਾ ਸਕਦੀ ਹੈ।