ਸੰਗਰੂਰ (ਸਮਾਜਵੀਕਲੀ): ਸੰਗਰੂਰ ਜੇਲ੍ਹ ’ਚੋ ਫ਼ਰਾਰ ਹੋਏ ਦੋ ਕੈਦੀਆਂ ਦਾ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਘਟਨਾ ਮਗਰੋਂ ਡਿਊਟੀ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਸਹਾਇਕ ਜੇਲ੍ਹ ਸੁਪਰਡੰਟ ਅਤੇ ਦੋ ਹੈੱਡ ਵਾਰਡਨਾਂ ਸਮੇਤ ਚਾਰ ਜਣਿਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਈਜੀ ਜੇਲ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਈਜੀ ਜੇਲ੍ਹਾਂ ਰੂਪ ਕੁਮਾਰ ਅਰੋੜਾ ਨੇ ਅੱਜ ਮਾਮਲੇ ਦੀ ਜਾਂਚ ਲਈ ਸਥਾਨਕ ਜ਼ਿਲ੍ਹਾ ਜੇਲ੍ਹ ਦਾ ਦੌਰਾ ਕਰ ਕੇ ਕਰੀਬ ਤਿੰਨ ਘੰਟੇ ਤੱਕ ਸਾਰੇ ਹਾਲਾਤ ਦਾ ਜਾਇਜ਼ਾ ਲਿਆ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਜੇਲ੍ਹ ਵਿਚੋਂ ਕੈਦੀ ਫ਼ਰਾਰ ਹੋਣ ਅਤੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਜਾਂਚ ਦਾ ਮੁੱਦਾ ਹੈ। ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰਨ ਲਈ ਵੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦਾ ਮੁਆਇਨਾ ਕਰਨ ਮਗਰੋਂ ਉਨ੍ਹਾਂ ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬਿਆਨ ਲਏ ਹਨ।
ਆਈਜੀ ਨੇ ਦੱਸਿਆ ਕਿ ਕੈਦੀ ਫ਼ਰਾਰ ਹੋਣ ਦੀ ਘਟਨਾ ਮਗਰੋਂ ਸਹਾਇਕ ਜੇਲ੍ਹ ਸੁਪਰਡੰਟ ਹਰੀ ਸਿੰਘ, ਦੋ ਮੁੱਖ ਵਾਰਡਨਾਂ ਸਮੇਤ ਚਾਰ ਨੂੰ ਪਹਿਲਾਂ ਹੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੈਸਕੋ ਦੇ ਦੋ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਸਿਫਾਰਸ਼ ਕੀਤੀ ਗਈ ਹੈ। ਜਾਂਚ ਦੌਰਾਨ ਜੇਕਰ ਹੋਰ ਅਧਿਕਾਰੀ ਅਤੇ ਕਰਮਚਾਰੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਜੇਲ੍ਹ ਦੀ ਸੁਰੱਖਿਆ ’ਚ ਕੋਤਾਹੀ ਹੋਈ ਹੈ ਜਿਸ ਕਾਰਨ ਅਜਿਹੀ ਘਟਨਾ ਵਾਪਰੀ ਹੈ।
ਉਨ੍ਹਾਂ ਕਿਹਾ ਕਿ ਮੁਕੰਮਲ ਜਾਂਚ ਰਿਪੋਰਟ ਏਡੀਜੀਪੀ (ਜੇਲ੍ਹਾਂ) ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਰਾਰ ਕੈਦੀਆਂ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹਾ ਪੁਲੀਸ ਵੱਲੋਂ ਵੀ ਯਤਨ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 28 ਮਈ ਨੂੰ ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਬਾਅਦ ਦੁਪਹਿਰ ਉਸ ਸਮੇਂ ਫ਼ਰਾਰ ਹੋ ਗਏ ਸਨ ਜਦੋਂ ਉਨ੍ਹਾਂ ਤੋਂ ਜੇਲ੍ਹ ਕੰਪਲੈਕਸ ਦੇ ਖੇਤਾਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਫ਼ਰਾਰ ਹੋਏ ਕੈਦੀ ਗੁਰਦਰਸ਼ਨ ਸਿੰਘ ਵਾਸੀ ਮੁਬਾਰਕਪੁਰ ਚੁੰਘਾਂ (ਮਾਲੇਰਕੋਟਲਾ) ਕਤਲ ਕੇਸ ਵਿਚ ਜਦੋਂ ਕਿ ਸੰਦੀਪ ਸਿੰਘ ਪਿੰਡ ਬੰਗਾਂ (ਮੂਨਕ) ਇਰਾਦਾ ਕਤਲ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਸੀ।