ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੀ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲ੍ਹਦੇ ਹੋਏ ਅੱਜ ਲੁਧਿਆਣਾ ਕੇਂਦਰੀ ਜੇਲ੍ਹ ’ਚ ਕੈਦੀਆਂ ਨੇ ਹੰਗਾਮੇ ਦੀ ਘਟਨਾ ਲੋਕਾਂ ਨੂੰ ਫੇਸਬੁੱਕ ’ਤੇ ਲਾਈਵ ਦਿਖਾਈ। ਕੈਦੀਆਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਲੋਕਾਂ ਨੂੰ ਵੀਡੀਓ ਵਿਖਾਈ ਕਿ ਕਿਵੇਂ ਪੁਲੀਸ ਮੁਲਾਜ਼ਮ ਕੈਦੀਆਂ ਦੇ ਪਥਰਾਅ ਕਰਨ ਤੋਂ ਬਾਅਦ ਗੋਲੀਆਂ ਚਲਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਜੇਲ੍ਹ ’ਚ ਬੰਦ ਕੈਦੀ ਪੰਜਾਬ ਦੇ ਸਾਰੇ ਲੋਕਾਂ ਨੂੰ ਜੇਲ੍ਹ ’ਚ ਹੰਗਾਮੇ ਤੇ ਜੇਲ੍ਹ ’ਚ ਚੱਲ ਰਹੀਆਂ ਗੋਲੀਆਂ ਦੀ ਪੂਰੀ ਅੱਪਡੇਟ ਦਿੰਦੇ ਰਹੇ।
ਵੀਡੀਓ ਬਣਾਉਣ ਵਾਲੇ ਕੈਦੀਆਂ ਨੇ ਜੇਲ੍ਹ ਅੰਦਰ ਕੈਦੀਆਂ ਦੀਆਂ ਭਾਜੜਾਂ, ਸਾਥੀ ਕੈਦੀਆਂ ਦੇ ਆਈਆਂ ਸੱਟਾਂ ਤੇ ਜੇਲ੍ਹ ’ਚ ਚੱਲ ਰਹੇ ਇਲਾਜ ਦੀ ਵੀਡੀਓ ਪਾਈ। ਇੰਨਾ ਹੀ ਨਹੀਂ ਵੀਡੀਓ ’ਚ ਕਈ ਕੈਦੀਆਂ ਨੂੰ ਜ਼ਖ਼ਮੀ ਦਿਖਾਇਆ ਗਿਆ ਤੇ ਕਈ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਹੈ ਕਿ ਜੇਲ੍ਹ ’ਚ ਕੋਈ ਮੋਬਾਈਲ ਫੋਨ ਨਹੀਂ ਚੱਲਦਾ, ਪਰ ਸਰਕਾਰ ਦੇ ਦਾਅਵਿਆਂ ਦੀ ਪੋਲ ਵੀਰਵਾਰ ਨੂੰ ਜੇਲ੍ਹ ਦੇ ਅੰਦਰੋਂ ਆਈ ਵੀਡੀਓ ਨੇ ਖੋਲ੍ਹ ਕੇ ਰੱਖ ਦਿੱਤੀ। ਵੀਰਵਾਰ ਨੂੰ ਆਈ ਵੀਡੀਓ ਨੇ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਹੰਗਾਮਾ ਦਾ ਕਾਰਨ ਵੀ ਕੈਦੀ ਕੋਲੋਂ ਮੋਬਾਈਲ ਫੋਨ ਮਿਲਣਾ ਹੈ, ਜਿਸ ਦੀ ਮੌਤ ਹੋ ਗਈ ਸੀ।
ਲੁਧਿਆਣਾ ਸੈਂਟਰਲ ਜੇਲ੍ਹ ਪੰਜਾਬ ਦੀ ਸਭ ਤੋਂ ਵੱਡੀ ਜੇਲ੍ਹ ਹੈ। ਪਿਛਲੀਆਂ ਕਈ ਸਰਕਾਰਾਂ ਜੇਲ੍ਹ ’ਚ ਜੈਮਰ ਲਾਉਣ ਦੀ ਗੱਲ ਕਰ ਰਹੀਆਂ ਹਨ, ਪਰ ਉਹ ਸਿਰਫ਼ ਗੱਲਾਂ ਹੀ ਰਹਿ ਗਈਆਂ। ਜੇਲ੍ਹ ’ਚ ਹਾਲੇ ਤੱਕ ਕੋਈ ਜੈਮਰ ਨਹੀਂ ਲੱਗਿਆ। ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਹਰ ਸਮੇਂ ਇਹ ਦਾਅਵਾ ਕਰਦਾ ਰਹਿੰਦਾ ਹੈ ਕਿ ਜੇਲ੍ਹ ’ਚ ਮੋਬਾਈਲ ਨਹੀਂ ਚੱਲ ਰਿਹਾ ਪਰ ਵੀਰਵਾਰ ਨੂੰ ਵੀ ਕੈਦੀਆਂ ਵੱਲੋਂ ਜੇਲ੍ਹ ’ਚ ਹੋਏ ਹੰਗਾਮੇ ਦੇ ਹਰ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈ ਗਈ, ਜਿਸ ’ਚ ਕੈਦੀ ਲੋਕਾਂ ਨੂੰ ਦੱਸ ਰਹੇ ਹਨ ਕਿ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਾਥੀ ਕੈਦੀਆਂ ’ਤੇ ਗੋਲੀਆਂ ਚਲਾਈਆਂ ਹਨ। ਵਾਇਰਲ ਹੋਈ ਵੀਡੀਓ ਨੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਹੋਈਆਂ ਵੀਡੀਓ ਵਿੱਚ ਉਨ੍ਹਾਂ ਕੈਦੀਆਂ ਨੇ ਮੂੰਹ ਢਕੇ ਹੋਏ ਹਨ ਜੋ ਗੋਲੀਆਂ ਚਲਦੀਆਂ, ਅੱਗ ਲਗਾਉਂਦੇ, ਫੱਟੜ ਹੋਏ ਕੈਦੀ ਤੇ ਮਰੇ ਹੋਏ ਕੈਦੀ ਦੀ ਵੀਡੀਓ ਦਿਖਾ ਰਹੇ ਹਨ। ਹਾਲਾਂਕਿ, ਵੀਡੀਓ ਬਣਾਉਣ ਵਾਲੇ ਨੇ ਇਸ ਵਿੱਚ ਆਪਣਾ ਮੂੰਹ ਨਹੀਂ ਵਿਖਾਇਆ।
ਉੱਧਰ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਜੇਲ੍ਹ ’ਚ ਕੈਦੀ ਆਪਣੇ ਸਾਥੀ ਦੀ ਮੌਤ ਤੋਂ ਬਾਅਦ ਭੜਕੇ ਸਨ। ਜੇਲ੍ਹ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਕਾਬੂ ਕਰਨ ਲਈ ਹਵਾਈ ਫਾਇਰ ਕੀਤਾ ਗਿਆ ਸੀ। ਇਸ ਹੰਗਾਮੇ ’ਚ ਪੰਜ ਕੈਦੀ ਜ਼ਖ਼ਮੀ ਹੋਏ ਤੇ ਕੁਝ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਸਾਰੇ ਕੈਦੀਆਂ ਨੂੰ ਕਾਬੂ ਕਰ ਬੈਰਕ ’ਚ ਭੇਜ ਦਿੱਤਾ ਗਿਆ ਹੈ। ਹੁਣ ਨੁਕਸਾਨ ਦਾ ਪਤਾ ਲਾਇਆ ਜਾਵੇਗਾ।
INDIA ਕੈਦੀਆਂ ਨੇ ਫੇਸਬੁੱਕ ’ਤੇ ਦਿਖਾਈਆਂ ਜੇਲ੍ਹ ’ਚ ਚੱਲੀਆਂ ਗੋਲੀਆਂ