(ਸਮਾਜ ਵੀਕਲੀ)
” ਜੈਕਾਰੇ ਲਾ ਅਨੰਦਪੁਰੋਂ ਤੁਰ ਪਏ ਫੇਰ ਨੇਂ,
ਖ਼ਾਲਸੇ ਦੀ ਅਗਵਾਈ ਗੁਰੂ ਗੋਬਿੰਦ ਦੇ ਸ਼ੇਰ ਨੇਂ;
ਕੇਸਰੀ ਨਿਸ਼ਾਨ ਹੱਥੀਂ,ਹੌਂਸਲੇ ਬੁਲੰਦ ਨੇਂ,
ਗੁੜਤੀ ਹੈ ਦਿੱਤੀ ਸਾਨੂੰ ਗੜ੍ਹੀ-ਸਰਹੰਦ ਨੇਂ;
ਜਿੱਤੇ ਅੱਜ ਜੇ ਨਹੀਂ ਨਾਂ ਹਾਰੇ ਕੱਲ੍ਹ ਰਹਿਣਗੇ,
ਖ਼ਾਲਸੇ ਦੇ ਝੂਲਦੇ ਨਿਸ਼ਾਨ ਦਿੱਲ੍ਹੀਏ,
ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ…;
ਬੈਰੀਕੇਡ ਲਾਕੇ ਵੈਰੀ ਰਾਹਾਂ ਵਿੱਚ ਖੜੇ ਨੇਂ,
ਕਿੰਨ੍ਹੇ ‘ਦੀਪ ਸਿੰਘਾਂ’ ਸ਼ੀਸ਼ ਤਲ਼ੀ ਉੱਤੇ ਧਰੇ ਨੇਂ;
ਤੇਰੇ ਚੇਤਿਆਂ ‘ਚ ਖਾਲੀ ਜੋ ਬੇਦਾਵੇ ਸਾਡੇ ਸਿੰਘਾਂ ਦੇ,
ਪਰ! ਸ਼ਾਇਦ ਸਾਡੇ ਜ਼ਫ਼ਰਨਾਮੇ ਨਾਂ ਤੂੰ ਪੜ੍ਹੇ ਨੇੰ;
ਭਟਕ ਗਏ ਸੀ,ਉਹ ਬੇਦਾਵੇ ਜੋ ਸੀ ਲਿਖ ਗਏ,
ਪਰ! ਉਹ ਖਿਦਰਾਣੇ ਵਿੱਚ ਸਾਡੇ ਵੱਲ੍ਹ ਰਹਿਣਗੇ…;
ਨਗਾੜਿਆਂ ਦੀ ਗੂੰਜੀ ਦੇਖ ਉੱਚੀ ਇਹ ਆਵਾਜ਼ ਏ,
ਕੱਲ੍ਹਾ-ਕੱਲ੍ਹਾ ਸਿੰਘ ਇੱਥੇ ਸਵਾ ਲੱਖ ਸਾਜ਼ ਹੈ;
ਚੁੱਪ ਸਾਡੀ ਗਹਿਰੀ ਜਿਵੇਂ ਸਮੁੰਦਰ ਕੋਈ ਸ਼ਾਂਤ ਏ,
ਇਹੀ ਤਾਂ ਤੂਫ਼ਾਨਾਂ ਦੇ ਆਉਣ ਦਾ ਆਗਾਜ਼ ਹੈ;
ਪਹੁੰਚ ਜਾਣਾ ਤੇਰੇ ਦਰ,ਭਾਵੇਂ ਲੜ,ਭਾਵੇਂ ਮਰ,
ਬਿਨਾਂ ਕਿਸੇ ਡਰ,ਭਾਵੇਂ ਸੀਨੇ ਸਾਡੇ ਸ਼ੱਲ ਹੋਣਗੇ;
ਖ਼ਾਲਸੇ ਦੇ ਝੂਲਦੇ ਜੋ ਦਿੱਲ੍ਹੀਏ ਨਿਸ਼ਾਨ,
ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ…;
ਅੱਖਾਂ ਖੋਲ ਪੜ੍ਹ ਇਤਿਹਾਸ ਸਾਡਾ ਲਿਖਿਆ,
ਅੱਤ ਅੱਗੇ ਝੁਕਣਾ ਨਾਂ ਅਸੀਂ ਕਦੇ ਸਿੱਖਿਆ;
ਕੇਸਰੀ ਨਿਸ਼ਾਨਾਂ ਲੇਖੇ ਲੱਗਣੇ ਸ਼ਰੀਰ ਸਾਡੇ,
ਅਨੰਦਪੁਰ-ਮਾਛੀਵਾੜਾ ਸਦਾ ਇੱਕੋ ਸਾਨੂੰ ਦਿਖਿਆ;
ਤੇਰੇ ਤਖ਼ਤ ਤੇ ਕਿਲ੍ਹੇ ਭਾਵੇਂ ਅੰਬਰਾਂ ਤੋਂ ਉੱਚੇ,
ਇਹ ਸਾਡੇ ਖੰਡੇ ਕਿਰਪਾਨ ਕਿੱਥੇ ਝੱਲ ਲੈਣਗੇ;
ਖ਼ਾਲਸੇ ਦੇ ਝੂਲਦੇ ਨਿਸ਼ਾਨ ਦਿੱਲ੍ਹੀਏ,
ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ…!!”
ਹਰਕਮਲ ਧਾਲੀਵਾਲ
ਸੰਪਰਕ:- 8437403720