ਇਤਿਹਾਸਕ ਕੇਸ਼ੋਪੁਰ-ਮਿਆਣੀ ਛੰਭ ਦਾ ਸਮੁੱਚਾ ਇਲਾਕਾ ਅਗਲੇ ਮਹੀਨੇ ਤੱਕ ਪਰਵਾਸੀ ਪੰਛੀਆਂ ਦੀ ਆਮਦ ਕਾਰਨ ਚਹਿਕ ਉਠੇਗਾ ਪਰ ਅਜੇ ਛੰਭ ਦੇ ਇਲਾਕੇ ਅੰਦਰ ਉੱਗੀ ਘਾਹ-ਬੂਟੀ, ਜਿਥੇ ਸੈਲਾਨੀਆਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ, ਉੱਥੇ ਹੀ ਝੀਲ ਦੀ ਸਫ਼ਾਈ ਨਾ ਹੋਣ ਕਾਰਨ ਪੰਛੀਆਂ ਦੇ ਤੈਰਨ ਵਿੱਚ ਰੁਕਾਵਟ ਬਣ ਸਕਦੀ ਹੈ। ਕੇਸ਼ੋਪੁਰ-ਮਿਆਣੀ ਛੰਭ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬਹਿਰਾਮਪੁਰ ਸੜਕ ਉੱਤੇ ਕਰੀਬ 850 ਏਕੜ ਅੰਦਰ ਫੈਲ੍ਹਿਆ ਹੋਇਆ ਹੈ। ਕਈ ਦਹਾਕਿਆਂ ਤੋਂ ਸਰਦੀਆਂ ਦੇ ਮੌਮਸ ਦੌਰਾਨ ਪੱਛਮੀ ਸਮੇਤ ਹੋਰ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਦੇ ਆਉਣ ਦਾ ਸਿਲਸਿਲਾ ਇਥੇ ਚੱਲਿਆ ਆ ਰਿਹਾ ਹੈ। ਸਤੰਬਰ ਦੀ ਆਖਰ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਨ੍ਹਾਂ ਪੰਛੀਆਂ ਦੇ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਾਰਚ ਮਹੀਨੇ ਗਰਮੀ ਦੇ ਮੌਸਮ ਵਿੱਚ ਵਾਪਸ ਉਡਾਰੀ ਮਾਰ ਜਾਂਦੇ ਹਨ। ਇਸ ਦੌਰਾਨ ਵੱਡੀ ਗਿਣਤੀ ਲੋਕ ਪ੍ਰਵਾਸੀ ਪੰਛੀਆਂ ਵੇਖਣ ਲਈ ਆਉਂਦੇ ਹਨ। ਪੰਜਾਬ ਸਰਕਾਰ ਵੱਲੋਂ 26 ਜੂਨ 2007 ਨੂੁੰ ਨੋਟਫਿਕੇਸ਼ਨ ਜਾਰੀ ਕਰਕੇ ਕਮਿਊਨਿਟੀ ਰਿਜ਼ਰਵ ਐਲਾਨ ਦਿੱਤਾ ਸੀ। ਜੰਗਲੀ ਜੀਵ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਰਦੀਆਂ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ 25 ਹਜ਼ਾਰ ਪ੍ਰਵਾਸੀ ਪੰਛੀ ਸਾਈਬੇਰੀਆ, ਚੀਨ ਅਤੇ ਯੂਰਪੀ ਦੇਸ਼ਾਂ ਤੋਂ ਆਉਂਦੇ ਹਨ। ਪੰਜਾਬ ਸਰਕਾਰ ਵੱਲੋਂ ਇਲਾਕੇ ਨੂੁੰ ਕਰੋੜਾਂ ਰੁਪਏ ਦੀ ਲਾਗਤ ਨਾਲ ਸੰਸਾਰ ਪੱਧਰ ਉੱਤੇ ਸੈਰਗਾਹ ਵੱਜੋਂ ਵਿਕਸਤ ਕੀਤਾ ਜਾ ਰਿਹਾ ਹੈ ਪਰ ਇਸ ਵਾਰ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਬਾਅਦ ਵੀ ਛੰਭ ਅੰਦਰ ਸਫ਼ਾਈ ਆਦਿ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ ਹੈ। ਇਲਾਕੇ ਅੰਦਰ ਪੈਂਦੇ ਪਿੰਡ ਈਸਾਪੁਰ ਦੇ ਸਰਪੰਚ ਜਸਵਿੰਦਰ ਸਿੰਘ ਬੱਬਲੂ ਨੇ ਦੱਸਿਆ ਕਿ ਛੰਭ ਮਹਾਰਾਜ ਰਣਜੀਤ ਸਿੰਘ ਦਾ ਸ਼ਿਕਾਰ ਲਈ ਪਸੰਦੀਦਾ ਇਲਾਕਾ ਸੀ। ਪਹਿਲਾਂ ਛੰਭ ਅੰਦਰ ਕਰੀਬ 10 ਮਰਲੇ ਅੰਦਰ ਉਸ ਸਮੇਂ ਦਾ ਬਣਿਆ ਇੱਕ ਚਬੂਤਰਾ ਵੀ ਸੀ। ਤਲਾਬ ਬਣਾਉਣ ਮੌਕੇ ਚਬੂਤਰਾ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਗ੍ਹਾ ਦੀ ਪਛਾਣ ਕਰਕੇ ਚਬੂਤਰੇ ਦੀ ਨਿਰਮਾਣ ਕਰਵਾਇਆ ਜਾਣਾ ਚਾਹੀਦਾ ਹੈ।