ਕੇਰਲਾ ’ਚ ਹੜ੍ਹਾਂ ਦਾ ਤਾਂਡਵ ਜਾਰੀ; ਮੌਤਾਂ ਦੀ ਗਿਣਤੀ 357 ’ਤੇ ਪੁੱਜੀ

ਸ਼ਨਿਚਰਵਾਰ ਨੂੰ 22 ਮੌਤਾਂ ਦੀ ਸੂਚਨਾ ਮਿਲਣ ਨਾਲ ਕੇਰਲਾ ਵਿੱਚ ਐਤਕੀਂ ਆਈ ਭਿਆਨਕ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ ਵਧ ਕੇ 357 ਹੋ ਗਈ ਹੈ ਜਦਕਿ ਹੋਰ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਹੈ। ਹੁਣ ਤੱਕ 50 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬਚਾਓ ਕਾਰਜਾਂ ਵਿੱਚ ਮਛੇਰਿਆਂ ਵੱਲੋਂ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ।ਰਾਜ ਦੇ ਜ਼ਿਆਦਾਤਾਰ ਜ਼ਿਲ੍ਹਿਆਂ ਵਿੱਚ 9 ਅਗਸਤ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਤੇ ਅੱਜ ਅਰਨਾਕੁਲਮ, ਤ੍ਰਿਸੂਰ, ਇਡੁੱਕੀ, ਪਤਨਾਮਥਿੱਟਾ ਤੇ ਚੇਂਗਨੂਰ ਜ਼ਿਲ੍ਹਿਆਂ ਵਿੱਚੋਂ ਮੌਤਾਂ ਦੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਨੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਖੇਤਰ ਦੇ ਮੱਦੇਨਜ਼ਰ ਅਗਲੇ ਚੌਵੀ ਘੰਟਿਆਂ ਦੌਰਾਨ ਕੇਰਲਾ ਵਿੱਚ ਕਈ ਥਾਈਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਵਿੱਚ ਅਲੂਵਾ, ਚਲਾਕੁੜੀ, ਚੇਂਗਨੂਰ, ਅਲਾਪੁੜਾ ਤੇ ਪਤਨਾਮਥਿੱਟਾ ਸ਼ਾਮਲ ਹਨ। ਲੋਕ ਆਪਣੇ ਅਜ਼ੀਜ਼ਾਂ ਤੇ ਸਨੇਹੀਆਂ ਦੀ ਸੁੱਖ ਸਾਂਦ ਦਾ ਪਤਾ ਲਾਉਣ ਲਈ ਮੀਡੀਆ ਅਦਾਰਿਆਂ ਕੋਲੋਂ ਪੁੱਛਗਿਛ ਕਰ ਰਹੇ ਹਨ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਹਾਲਾਤ ਬਹੁਤ ਹੀ ਗੰਭੀਰ ਤੇ ਨਾਜ਼ੁਕ ਹਨ।ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨੀਤੜਾ ਨੇ ਕਿਹਾ ਕਿ ਬਚਾਓ ਕਾਰਜਾਂ ਦਰਮਿਆਨ ਤਾਲਮੇਲ ਨਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਪਾਣੀ ਵਿੱਚ ਘਿਰੇ ਹੋਏ ਹਨ ਤੇ ਉਨ੍ਹਾਂ ਤੱਕ ਖਾਣਾ ਤੇ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਲੋੜ ਹੈ। ਸ਼ਹਿਰੀ ਖੇਤਰਾਂ ਵਿੱਚ ਪਾਣੀ ਭਰਨ ਕਰ ਕੇ ਬੈਂਕਾਂ ਦਾ ਕੰਮਕਾਜ ਬੰਦ ਪਿਆ ਹੈ। ਅਰਨਾਕੁਲਮ ਤੇ ਤ੍ਰਿਸੂਰ ਦਰਮਿਆਨ ਰੇਲਵੇ ਸੇਵਾਵਾਂ ਠੱਪ ਹਨ। ਤ੍ਰਿਸੂਰ-ਪਲੱਕੜ ਰਾਜਮਾਰਗ ’ਤੇ ਕਈ ਥਾਈਂ ਪਏ ਅੜਿੱਕੇ ਹਟਾ ਦਿੱਤੇ ਗਏ ਹਨ।

Previous articleNepali PM congratulates Pakistan’s new PM
Next articleਏਸ਼ਿਆਈ ਖੇਡਾਂ: ਨੀਰਜ ਚੋਪੜਾ ਦੀ ਅਗਵਾਈ ਵਿੱਚ ਉਤਰਿਆ ਭਾਰਤ