ਤਿਰੂਵਨੰਤਪੁਰਮ (ਸਮਾਜ ਵੀਕਲੀ) : ਕੇਰਲਾ ਦੀ ਸੀਪੀਆਈ (ਐੱਮ) ਦੀ ਨੌਜਵਾਨ ਇਕਾਈ (ਡੀਵਾਈਐੱਫਆਈ) ਦੇ ਦੋ ਵਰਕਰਾਂ ਦੀ ਸ਼ਨਿੱਚਰਵਾਰ ਰਾਤ ਕਾਂਗਰਸ ਦੇ ਕਾਰਕੁਨਾਂ ਨੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਪੁਲੀਸ ਨੇ ਅੱਜ ਦੱਸਿਆ ਕਿ ਤਿਰੂਵਨੰਤਪੁਰਮ ਦੇ ਵੇਂਜਾਰਾਮੋਡੂ ਦੇ ਥੇਂਬਾਮੂਡ ’ਚ ਡੀਵਾਈਐੱਫਆਈ ਦੇ ਵਰਕਰ 30 ਸਾਲਾ ਮਿਥੀਲਾਜ ਅਤੇ 24 ਸਾਲਾ ਹੱਕ ਮੁਹੰਮਦ ’ਤੇ ਕਰੀਬ ਸਾਢੇ 11 ਵਜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਮਿਥੀਲਾਜ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦਕਿ ਮੁਹੰਮਦ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਦੋਵੇਂ ਲਾਸ਼ਾਂ ਮੈਡੀਕਲ ਕਾਲਜ ਦੇ ਮੁਰਦਾਘਰ ’ਚ ਭੇਜੀਆਂ ਗਈਆਂ ਹਨ। ਪੁਲੀਸ ਨੇ ਤਿੰਨ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ।