ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਖ਼ਿਲਾਫ਼ ‘ਯੁੱਧ ਪ੍ਰਦੂਸ਼ਣ ਵਿਰੁੱਧ’ ਮੁਹਿੰਮ ਅੱਜ ਤੋਂ ਸ਼ੁਰੂ ਕੀਤੀ ਗਈ, ਜਿਸ ਤਹਿਤ ਕੌਮੀ ਰਾਜਧਾਨੀ ਦੀਆਂ 13 ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਪ੍ਰਦੂਸ਼ਣ ਘਟਾਉਣ ਦੇ ਉਪਰਾਲੇ ਕਰਨ ਸਮੇਤ ਇਕ ‘ਗ੍ਰੀਨ ਐੱਪ’ ਜਾਰੀ ਕਰਨ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਬਾਰੇ ਇਕ ਉੱਚ ਪੱਧਰੀ ਬੈਠਕ ਮਗਰੋਂ ਕੀਤਾ।
ਵੀਡੀਓ ਕਾਨਫਰੰਸਿੰਗ ਰਾਹੀਂ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ 13 ‘ਹੌਟ ਸਪਾਟ’ ਦੀ ਪਛਾਣ ਕਰਕੇ ਉਸੇ ਮੁਤਾਬਕ ਪ੍ਰੋਗਰਾਮ ਉਲੀਕੇ ਗਏ ਹਨ। ਟੋਇਆਂ ਦੀ ਮੁਰੰਮਤ, ਪੌਦੇ ਲਾਉਣ ਬਾਰੇ ਨਵੀਂ ਨੀਤੀ ਵੀ ਘੜੀ ਗਈ ਹੈ ਤੇ ਸਾਰੀਆਂ ਏਜੰਸੀਆਂ/ਸੰਸਥਾਵਾਂ ਵੱਲੋਂ ਮਿਲ ਕੇ ਇਸ ਮੁਹਿੰਮ ਵਿੱਚ ਹਿੱਸੇਦਾਰੀ ਪਾਈ ਜਾਵੇਗੀ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਅਕਤੂਬਰ, ਨਵੰਬਰ ਤੇ ਦਸੰਬਰ ਦੌਰਾਨ ਦਿੱਲੀ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਤੇ ਹੁਣ ਕਰੋਨਾ ਸੰਕਟ ਹੋਣ ਕਰਕੇ ਪ੍ਰਦੂਸ਼ਣ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2014 ਵਿੱਚ ਪੀਐੱਮ 2.5 ਔਸਤਨ 154 ਸੀ ਜੋ 2018-19 ਵਿੱਚ 115 ਤੱਕ ਹੇਠਾਂ ਆਇਆ।
ਉਨ੍ਹਾਂ ਕਿਹਾ ਕਿ ਛੋਟੇ ਜਨਰੇਟਰ ਹੁਣ ਨਹੀਂ ਚਲਾਉਣੇ ਪੈਂਦੇ ਤੇ ਸਨਅਤਾਂ ’ਚ ਗੰਦੇ ਬਾਲਣ ਦੀ ਵਰਤੋਂ ਬਹੁਤ ਘੱਟ ਗਈ ਹੈ। ਹੁਣ ਗ੍ਰੀਨ ਐੱਪ ਰਾਹੀਂ ਕੋਈ ਵੀ ਫੋਟੋ ਭੇਜ ਕੇ ਪ੍ਰਦੂਸ਼ਣ ਬਾਰੇ ਸ਼ਿਕਾਇਤ ਕਰ ਸਕਦਾ ਹੈ ਤੇ ਇਸ ਦੀ ਨਿਗਰਾਨੀ ਉਹ ਖ਼ੁਦ (ਮੁੱਖ ਮੰਤਰੀ) ਕਰਨਗੇ ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਲੋਕ ਨਿਰਮਾਣ ਮਹਿਕਮੇ ਵੱਲੋਂ 13 ਹੌਟ ਸਪਾਟਾਂ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ। ਮੈਕੇਨੀਕਲ ਸਫ਼ਾਈ, ਛਿੜਕਾ ਤੇ ਪ੍ਰਦੂਸ਼ਣ ਗੰਨ ਆਦਿ ਉਪਾਅ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਨੀਤੀ ਸੀ ਕਿ ਇਕ ਦਰੱਖਤ ਵੱਢਣ ’ਤੇ 10 ਪੌਦੇ ਲਾਏ ਜਾਂਦੇ ਸਨ ਪਰ ਹੁਣ ਵੱਡਾ ਹਰਾ-ਭਰਾ ਦਰੱਖ਼ਤ ਵੱਢਿਆ ਜਾਂਦਾ ਹੈ ਤਾਂ ਜੋ ਵੀ ਏਜੰਸੀ ਜਿੱਥੋਂ ਜ਼ਿਆਦਾ ਦਰੱਖ਼ਤ ਕੱਟੇਗੀ ਉੱਥੋਂ 80% ਦਰੱਖਤ ‘ਟਰਾਂਸਪਲਾਂਟ’ ਕਰਕੇ ਨਵੀਂ ਥਾਂ ਲਾਉਣੇ ਹੋਣਗੇ। ਨਾਲ ਹੀ ਨਵੇਂ 10 ਪੌਦੇ ਲਾ ਕੇ ਦੇਖ਼ਭਾਲ ਵੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਹਵਾ ਗੰਦੀ ਹੁੰਦੀ ਹੈ ਤਾਂ ਉਹ ਇਹ ਨਹੀਂ ਦੇਖਦੀ ਕਿ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰੰਡ, ਹਿਮਾਚਲ ਪ੍ਰਦੇਸ਼ ਜਾਂ ਬਿਹਾਰ ਦੀ ਹੈ। ਦਿੱਲੀ ਦੇ ਕਰੀਬ 300 ਕਿਲੋਮੀਟਰ ਦੇ ਘੇਰੇ ਵਿੱਚ ਕੋਇਲੇ ਨਾਲ ਬਿਜਲੀ ਦੇ 11 ਪਲਾਂਟ ਚੱਲ ਰਹੇ ਤੇ ਇਨ੍ਹਾਂ ਦਾ ਧੂੰਆਂ ਵੀ ਦਿੱਲੀ ਪੁੱਜਦਾ ਹੈ। ਉਨ੍ਹਾਂ ਪੂਸਾ ਇੰਸਟੀਚਿਊਟ ਵੱਲੋਂ ਪਰਾਲੀ ਤੋਂ ਖਾਦ ਬਣਾਉਣ ਦੀ ਤਕਨੀਕ ਬਾਰੇ ਵੀ ਮੁੜ ਦੱਸਿਆ। ਇਸ ਤੋਂ ਪਹਿਲਾਂ ਉਨ੍ਹਾਂ ਉਪਰੋਕਤ ਮਹਿਕਮਿਆਂ ਤੇ ਏਜੰਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।