ਨਵੀਂ ਦਿੱਲੀ (ਸਮਾਜਵੀਕਲੀ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਰੋਨਾ ਦੇ ਵਧਦੇ ਖ਼ਤਰੇ ਤੋਂ ਦਿੱਲੀ ਨੂੰ ਬਚਾਉਣ ਲਈ ‘ਟੀ-5’ ਯੋਜਨਾ ਐਲਾਨੀ ਗਈ ਹੈ ਤੇ ਪੰਜ ਪੜਾਵਾਂ ’ਤੇ ਆਧਾਰਿਤ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲੇ ‘ਟੀ-1’ ਤਹਿਤ ਟੈਸਟਿੰਗ ਜਾਣੀ ਵੱਡੀ ਪੱਧਰ ’ਤੇ ਜਾਂਚ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਤਰਕ ਦਿੱਤਾ ਕਿ ਦੱਖਣੀ ਕੋਰੀਆ ਨੇ ਕਰੋਨਾ ਨੂੰ ਇਸੇ ਤਰ੍ਹਾਂ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ 1 ਲੱਖ ਟੈਸਟ ਕੀਤੇ ਜਾਣਗੇ, ਕੇਂਦਰ ਸਰਕਾਰ ਵੱਲੋਂ ‘ਕਿੱਟ’ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ੱਕੀ ਲੋਕਾਂ ਦੀ ਪਛਾਣ ਕਰਨ ਅਤੇ ਲੱਭਣ ਲਈ ‘ਟੀ-2’ ਤਹਿਤ ਕਾਰਵਾਈ ਅੰਜਾਮ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੱਕੀ ਲੋਕਾਂ ਦੀ ਪਛਾਣ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਪੁਲੀਸ ਦੀ ਮਦਦ ਨਾਲ ਅਜਿਹੇ ਲੋਕਾਂ ਦਾ ਪਤਾ ਲਾਇਆ ਜਾਵੇਗਾ ਜੋ ਇਕਾਂਤਵਾਸ ਦੀ ਪਾਲਣਾ ਕਰ ਰਹੇ ਹਨ ਕਿ ਨਹੀਂ। ਦਿੱਲੀ ਸਰਕਾਰ ਵੱਲੋਂ 27,702 ਲੋਕਾਂ ਦੇ ਮੋਬਾਈਲ ਨੰਬਰ ਦਿੱਤੇ ਹਨ ਤੇ ਪਤਾ ਲਾਇਆ ਜਾਵੇਗਾ ਕਿ ਉਹ ਘਰ ਰਹਿੰਦੇ ਹਨ ਕਿ ਨਹੀਂ। ਮਰਕਜ਼ ਨਾਲ ਜੁੜੇ 1950 ਲੋਕਾਂ ਦੇ ਮੋਬਾਈਲ ਫੋਨ ਨੰਬਰ ਹੋਰ ਦੇ ਕੇ ਉਨ੍ਹਾਂ ਦੀ 25 ਮਾਰਚ ਮਗਰੋਂ ਦੀ ਸਥਿਤੀ ਦਾ ਪਤਾ ਲਾਇਆ ਜਾਵੇਗਾ। ਨਿਜ਼ਾਮੂਦੀਨ ਤੇ ਦਿਲਸ਼ਾਦ ਗਾਰਡਨ ਵਰਗੇ ਇਲਾਕੇ ਜਿੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਧਿਆਨ ਜ਼ਿਆਦਾ ਕੇਂਦਰਿਤ ਕੀਤਾ ਜਾਵੇਗਾ।
‘ਟੀ-3’ ਤਹਿਤ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਟ੍ਰੀਟਮੈਂਟ ਭਾਵ ਇਲਾਜ ਲਈ ਸਹੂਲਤਾਂ ਦਾ ਵਾਧਾ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਰੀਬ 3 ਹਜ਼ਾਰ ਬੈੱਡ ਤਿਆਰ ਕੀਤੇ ਹਨ ਜਿੱਥੇ ਸਿਰਫ਼ ਕਰੋਨਾ ਪੀੜਤਾਂ ਨੂੰ ਰੱਖਿਆ ਜਾਵੇਗਾ। ਦਿੱਲੀ ਸਰਕਾਰ ਵੱਲੋਂ 30 ਹਜ਼ਾਰ ਮਰੀਜ਼ਾਂ ਤਕ ਦੇ ਇਲਾਜ ਦੇ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਹੋਟਲਾਂ ਦੇ 12 ਹਜ਼ਾਰ ਕਮਰੇ ਸਰਕਾਰ ਕਬਜ਼ੇ ਵਿੱਚ ਲਵੇਗੀ। 2450 ਬਿਸਤਰੇ ਸਰਕਾਰੀ ਹਸਪਤਾਲਾਂ ਵਿੱਚ ਹਨ ਤੇ ਬਾਕੀ ਬਿਸਤਰੇ ਨਿੱਜੀ ਹਸਪਤਾਲਾਂ ਵਿੱਚੋਂ ਲਏ ਗਏ ਹਨ। ਲੋੜ ਪਈ ਤਾਂ ਧਰਮਸ਼ਾਲਾਵਾਂ ਜਾਂ ਸਰਾਵਾਂ ਵਿੱਚ ਵੀ ਪ੍ਰਬੰਧ ਕੀਤੇ ਜਾਣਗੇ।
‘ਟੀ-4’ ਤਹਿਤ ਉਨ੍ਹਾਂ ‘ਟੀਮ ਵਰਕ’ ਤਹਿਤ ਕੰੰਮ ਕਰਨ ਡਾਕਟਰਾਂ, ਪ੍ਰਸ਼ਾਸਨ ਤੇ ਪੁਲੀਸ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਕੱਲੇ ਇਸ ਬਿਮਾਰੀ ਤੋਂ ਜੰਗ ਨਹੀਂ ਜਿੱਤੀ ਜਾ ਸਕਦੀ। ਉਨ੍ਹਾਂ ਕਰੋਨਾ ਲਈ ਲੱਗੇ ਡਾਕਟਰਾਂ ਤੇ ਨਰਸਾਂ ਦੀ ਸੁਰੱਖਿਆ ਉੱਪਰ ਵੀ ਜ਼ੋਰ ਦਿੱਤਾ।
‘ਟੀ-5’ ਤਹਿਤ ਯੋਜਨਾ ਜ਼ਮੀਨੀ ਪੱਧਰ ਉੱਪਰ ਕਿਵੇਂ ਲਾਗੂ ਹੋਵੇ ਇਸ ਉੱਪਰ ਜ਼ੋਰ ਦਿੱਤਾ ਜਾਵੇਗਾ। ਯੋਜਨਾ ਲਾਗੂ ਕਰ ਕੇ ਉਸ ਦੀ ਨਿਗਰਾਨੀ ਕਰਨ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਰੋਨਾ ਦੀ ਲੜਾਈ ਵਿੱਚ 3 ਕਦਮ ਅੱਗੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਮਿਲ ਕੇ ਕੰਮ ਕਰਨਾ ਹੈ ਤੇ ਦਿੱਲੀ ਦੇ ਲੋਕ ਇਹ ਨਾ ਸੋਚਣ ਕਿ ਮਹਾਰਾਸ਼ਟਰ ਵਿੱਚ ਕੀ ਵਾਪਰਦਾ ਹੈ, ਉਸ ਦਾ ਅਸਰ ਦਿੱਲੀ ਉੱਪਰ ਨਹੀਂ ਪਵੇਗਾ। ਉਹ ਕਰੋਨਾ ਦੀ ਇਸ ਜੰਗ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ।