ਕੇਜਰੀਵਾਲ ਦੇ ਰੋਡ ਸ਼ੋਅ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ

ਦਿੱਲੀ ਵਿੱਚ ਲੋਕ ਸਭਾ ਚੋਣਾਂ ਦਾ ਅਮਲ ਮੁੱਕਦਿਆਂ ਹੀ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂਆਂ ਨੇ ਹੁਣ ਪੰਜਾਬ ਵੱਲ ਵਹੀਰਾਂ ਘੱਤ ਲਈਆਂ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 13 ਮਈ ਤੋਂ 17 ਮਈ ਤੱਕ ਪੰਜਾਬ ਵਿੱਚ ਪੱਕੇ ਡੇਰੇ ਲਾ ਲਏ ਹਨ। ਸ੍ਰੀ ਕੇਜਰੀਵਾਲ ਨੇ ਖਨੌਰੀ ਵਿੱਚ ਭਗਵੰਤ ਮਾਨ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ, ਜਿਸ ਦੀ ਸ਼ੁਰੂਆਤ ਉਨ੍ਹਾਂ ਸਥਾਨਕ ਗੱਡਾ ਸਟੈਂਡ ਖਨੌਰੀ ਤੋਂ ਕੀਤੀ। ਇਸ ਮੌਕੇ ਭਗਵੰਤ ਮਾਨ, ਵਿਧਾਇਕ ਅਮਨ ਅਰੋੜਾ ਅਤੇ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ। ਕੁਝ ਨੌਜਵਾਨਾਂ ਨੇ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਉਹ ਖਨੌਰੀ ਬਾਰਡਰ ਤੋਂ ਪੰਜਾਬ ਵਿੱਚ ਦਾਖਲ ਹੋਏ। ਸੁਨਾਮ ਪੁੱਜਣ ’ਤੇ ਜਿਥੇ ਲੋਕਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ, ਉਥੇ ਕੁੱਝ ਕਥਿਤ ਨਾਰਾਜ਼ ਲੋਕਾਂ ਨੇ ਉਨ੍ਹਾਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ‘ਆਪ’ ਦੀ ਵਿਰੋਧਤਾ ਨੂੰ ਸਿਆਸੀ ਪੈਂਤੜੇਬਾਜ਼ੀ ਦੱਸਿਆ। ਅਰਵਿੰਦ ਕੇਜਰੀਵਾਲ ਮਿੱਥੇ ਸਮੇਂ ਤੋਂ ਕਰੀਬ ਚਾਰ ਘੰਟੇ ਦੇਰੀ ਨਾਲ ਪਹੁੰਚੇ। ਸੁਨਾਮ ਦੇ ਅਗਰਸੈਨ ਚੌਕ ਵਿੱਚ ਉਨ੍ਹਾਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਭਗਵੰਤ ਮਾਨ ਨੂੰ ਮੁੜ ਤੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੀਆਂ ਸਮੱਸਿਆਵਾਂ ਉਠਾਉਣ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਿੰਡਾਂ ਦੀ ਮਿੱਟੀ ਦਾ ਪੁੱਤਰ ਹੈ। ਉਹ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਸੂਖਮਤਾ ਨਾਲ ਮਹਿਸੂਸ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਉਤੇ ਵਰਦਿਆਂ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਆਪਣੇ ਵਾਅਦਿਆਂ ’ਤੇ ਪੂਰਾ ਨਾ ਉਤਰਨ ਦੀ ਕੀਮਤ ਚੁਕਾਉਣੀ ਪਵੇਗੀ, ਜਦੋਂ ਕਿ ਬਾਦਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਾਪ ਲੈ ਬੈਠੇਗਾ।

Previous articleBJP approaches CEO over ‘sabotage’ of BJP rallies
Next articleECI shunts out Andhra official over screening of ‘Lakshmi’s NTR’