ਵੈਸਟ ਇੰਡੀਜ਼ ਦੇ ਸਟਾਰ ਆਂਦਰੇ ਰਸੇਲ ਅਤੇ ਨਿਤੀਸ਼ ਰਾਣਾ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੇ ਵਾਪਸੀ ਕਰਦਿਆਂ ਅੱਜ ਇੱਥੇ ਆਈਪੀਐਲ ਦੇ ਟੀ-20 ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਸਨਰਾਈਜ਼ਰਜ਼ ਹੈਦਰਾਬਾਦ ਨੇ ਆਸਟਰੇਲਿਆਈ ਡੇਵਿਡ ਵਾਰਨਰ ਦੀ ਬਦੌਲਤ ਤਿੰਨ ਵਿਕਟਾ ਗੁਆ ਕੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਗੇਂਦ ਨਾਲ ਛੇੜਛਾੜ ਦੇ ਮਾਮਲੇ ਨੂੰ ਪਿੱਛੇ ਛੱਡਦਿਆਂ ਵਾਰਨਰ ਨੇ 53 ਗੇਂਦਾਂ ਵਿੱਚ ਤਿੰਨ ਛੱਕੇ ਅਤੇ ਨੌਂ ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ। ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ ਨੇ ਆਖ਼ਰੀ ਤਿੰਨ ਓਵਰਾਂ ਵਿੱਚ ਵਾਪਸੀ ਕਰਦਿਆਂ 19.4 ਓਵਰਾ ਵਿੱਚ ਚਾਰ ਵਿਕਟਾਂ ’ਤੇ 183 ਦੌੜਾਂ ਬਣਾ ਕੇ ਟੂਰਨਾਮੈਂਟ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਕੇਕੇਆਰ ਨੂੰ 17ਵੇਂ ਓਵਰ ਮਗਰੋਂ 18 ਗੇਂਦਾਂ ਵਿੱਚ 53 ਦੌੜਾਂ ਦੀ ਲੋੜ ਸੀ ਅਤੇ ਉਸ ਨੇ 16 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦਾ ਨਾਇਕ ਰਸੇਲ ਰਿਹਾ, ਜਿਸ ਨੇ 19 ਗੇਂਦਾਂ ਵਿੱਚ ਚਾਰ ਚੌਕੇ ਅਤੇ ਚਾਰ ਛੱਕਿਆਂ ਨਾਲ ਨਾਬਾਦ 49 ਦੌੜਾਂ ਬਣਾਈਆਂ। ਉਥੇ ਸ਼ੁਭਮਨ ਗਿੱਲ (ਦਸ ਗੇਂਦਾਂ ਵਿੱਚ ਦੋ ਚੌਕੇ ਅਤੇ ਨਾਬਾਦ 18 ਦੌੜਾਂ) ਨੇ ਵੀ ਉਸ ਦਾ ਸਾਥ ਦਿੰਦਿਆਂ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਘਰੇਲੂ ਟੀਮ ਲਈ ਨਿਤੀਸ਼ ਰਾਣਾ ਨੇ 68 ਦੌੜਾਂ ਦੀ ਨੀਮ ਸੈਂਕੜਾ ਪਾਰੀ ਖੇਡੀ। ਉਸ ਨੇ 47 ਗੇਂਦਾਂ ਵਿੱਚ ਅੱਠ ਚੌਕੇ ਅਤੇ ਤਿੰਨ ਛੱਕੇ ਮਾਰੇ। ਕੇਕੇਆਰ ਲਈ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਦੂਜੇ ਓਵਰ ਵਿੱਚ ਸੱਤ ਦੌੜਾਂ ਦੇ ਸਕੋਰ ’ਤੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ (ਸੱਤ ਦੌੜਾਂ) ਦੀ ਵਿਕਟ ਗੁਆ ਲਈ, ਜਿਸ ਨੂੰ ਸ਼ਕੀਬੁਲ ਹਸਨ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰੌਬਿਨ ਉਥੱਪਾ (35 ਦੌੜਾਂ, 27 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ) ਅਤੇ ਨਿਤੀਸ਼ ਰਾਣਾ ਨੇ ਕੁੱਝ ਸ਼ਾਨਦਾਰ ਸ਼ਾਟ ਮਾਰ ਕੇ ਦੂਜੀ ਵਿਕਟ ਲਈ 80 ਦੌੜਾਂ ਬਣਾਈਆਂ। ਇਹ ਸਾਂਝੇਦਾਰੀ ਉਥੱਪਾ ਦੇ ਸਿਧਾਰਥ ਕੌਲ ਦੀ ਗੇਂਦ ’ਤੇ ਬੋਲਡ ਹੋਣ ਨਾਲ ਟੁੱਟੀ। ਸੰਦੀਪ ਸ਼ਰਮਾ ਨੇ ਕਪਤਾਨ ਦਿਨੇਸ਼ ਕਾਰਤਿਕ ਨੂੰ ਸਿਰਫ਼ ਚਾਰ ਗੇਂਦਾਂ ਹੀ ਖੇਡਣ ਦਿੱਤੀਆਂ। ਨਿਤੀਸ਼ ਰਾਣਾ ਦੇ 16ਵੇਂ ਓਵਰ ਵਿੱਚ ਆਊਟ ਹੋਣ ਮਗਰੋਂ ਕੇਕੇਆਰ ਟੀਮ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ। ਇਸ ਮਗਰੋਂ ਆਂਦਰੇ ਰਸੇਲ ਨੇ 18ਵੇਂ ਓਵਰ ਦੇ ਸ਼ੁਰੂ ਵਿੱਚ ਦੋ ਅਸਮਾਨ ਛੂੰਹਦੇ ਛੱਕੇ ਅਤੇ ਇੱਕ ਚੌਕਾ ਮਾਰ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਇਸ ਓਵਰ ਵਿੱਚ 19 ਦੌੜਾਂ ਬਣੀਆਂ। 19ਵੇਂ ਓਵਰ ਵਿੱਚ ਰਸੇਲ ਨੇ ਭੁਵਨੇਸ਼ਵਰ ਕੁਮਾਰ ਦੇ ਓਵਰ ਵਿੱਚ ਦੋ ਚੌਕੇ ਅਤੇ ਦੋ ਛੱਕਿਆਂ ਨਾਲ 21 ਦੌੜਾਂ ਬਣਾਈਆਂ। ਹੁਣ ਟੀਮ ਨੂੰ ਜਿੱਤ ਲਈ ਛੇ ਗੇਂਦਾਂ ਵਿੱਚ 13 ਦੌੜਾਂ ਦੀ ਲੋੜ ਸੀ, ਉਸ ਨੇ ਚਾਰ ਗੇਂਦਾਂ ਵਿੱਚ ਦੋ ਛੱਕਿਆਂ ਨਾਲ 14 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ 16ਵੇਂ ਓਵਰ ਵਿੱਚ ਵਾਰਨਰ ਦੇ ਆਊਟ ਹੋਣ ਮਗਰੋਂ ਵਿਜੈ ਸ਼ੰਕਰ ਨੇ ਵੀ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਚੰਗੀ ਵਾਪਸੀ ਕਰਦਿਆਂ 24 ਗੇਂਦਾਂ ਵਿੱਚ ਦੋ ਚੌਕੇ ਅਤੇ ਦੋ ਛੱਕਿਆਂ ਨਾਲ ਨਾਬਾਦ 40 ਦੌੜਾਂ ਬਣਾਈਆਂ। ਵਾਰਨਰ ਦੇ 37ਵੇਂ ਆਈਪੀਐਲ ਨੀਮ ਸੈਂਕੜੇ ਨਾਲ ਉਹ ਇਸ ਟੀ-20 ਲੀਗ ਵਿੱਚ 40 ਵਾਰ 50 ਤੋਂ ਵੱਧ ਦਾ ਸਕੋਰ ਬਣਾਉਣ ਵਾਲਾ ਪਹਿਲਾ ਕ੍ਰਿਕਟਰ ਬਣ ਗਿਆ ਅਤੇ ਵਿਰਾਟ ਕੋਹਲੀ (38 ਦੌੜਾਂ) ਤੋਂ ਅੱਗੇ ਹੈ। ਇਸ ਆਸਟਰੇਲਿਆਈ ਖਿਡਾਰੀ ਦੇ ਨਾਂ ਤਿੰਨ ਸੈਂਕੜੇ ਵੀ ਹਨ। ਉਸ ਦੇ ਨਵੇਂ ਸਲਾਮੀ ਜੋੜੀਦਾਰ ਜੌਹਨੀ ਬੇਅਰਸਟੋ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ, ਜਿਸ ਨਾਲ ਇਨ੍ਹਾਂ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ 100 ਦੌੜਾਂ ਦੇ ਸਕੋਰ ਤੋਂ ਪਾਰ ਕਰਵਾਉਂਦਿਆਂ 10.5 ਓਵਰਾਂ ਵਿੱਚ 118 ਦੌੜਾਂ ਦੀ ਸਾਂਝੇਦਾਰੀ ਕੀਤੀ।
Sports ਕੇਕੇਆਰ ਨੇ ਹੈਦਰਾਬਾਦ ਦਾ ਸੂਰਜ ਡੋਬਿਆ