ਚੰਡੀਗੜ੍ਹ (ਸਮਾਜ ਵੀਕਲੀ): ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਵਿਚ ਦੇਰੀ ‘ਕਿਸਾਨਾਂ ਨਾਲ ਕੋਝਾ ਮਜ਼ਾਕ’ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਆਪਣੀ ਜਿਣਸ ਮੰਡੀਆਂ ਵਿਚ ਲੈ ਆਏ ਹਨ, ਇਸ ਲਈ ਸਰਕਾਰ ਹੁਣ ਉਨ੍ਹਾਂ ਨੂੰ ਇਹ ਦੱਸੇ ਕਿ ਉਹ ਇਸ ਫ਼ਸਲ ਦਾ ਕੀ ਕਰਨ ਤੇ ਕਿੱਥੇ ਲੈ ਕੇ ਜਾਣ? ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਨੇ ਖ਼ੁਦ ਹੀ ਐਲਾਨ ਕੀਤਾ ਸੀ ਕਿ ਖ਼ਰੀਦ 25 ਸਤੰਬਰ ਨੂੰ ਸ਼ੁਰੂ ਹੋਵੇਗੀ, ਇਸ ਤੋਂ ਬਾਅਦ ਖ਼ਰੀਦ ਨੂੰ ਪਹਿਲੀ ਅਕਤੂਬਰ ਉਤੇ ਪਾ ਦਿੱਤਾ ਗਿਆ।
ਹੁਣ ਖ਼ਰੀਦ 11 ਅਕਤੂਬਰ ਤੱਕ ਮੁਲਤਵੀ ਕੀਤੀ ਜਾ ਰਹੀ ਹੈ। ਹੁੱਡਾ ਨੇ ਕਿਹਾ ਕਿ ਕਿਸਾਨ ਇਕ ਪਾਸੇ ਮੌਸਮ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਨੀਤੀਆਂ ਬਦਲ ਰਹੀ ਹੈ। ਹੁੱਡਾ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ ਐਮਐੱਸਪੀ ਤੋਂ ਥੱਲੇ ਵੇਚਣ ਲਈ ਮਜਬੂਰ ਹੋ ਰਹੇ ਹਨ ਤੇ ਪ੍ਰਾਈਵੇਟ ਮੰਡੀਆਂ ਉਨ੍ਹਾਂ ਨੂੰ ਲੁੱਟ ਰਹੀਆਂ ਹਨ। ਮੌਸਮ ਦੀ ਮਾਰ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਲਈ ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਮੁੜ ਦੁਹਰਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly