ਕੇਂਦਰ ਵੱਲੋਂ ‘ਟਵਿੱਟਰ’ ਨੂੰ 1178 ਅਕਾਊਂਟ ਬੰਦ ਕਰਨ ਲਈ ਨੋਟਿਸ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਸਰਕਾਰ ਨੇ ‘ਟਵਿੱਟਰ’ ਨੂੰ ਇਕ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਲਈ ਕਿਹਾ ਹੈ। ਸਰਕਾਰ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਹਨ ਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਹੈ। ਸਰਕਾਰ ਨੇ ‘ਟਵਿੱਟਰ’ ਨੂੰ 10 ਦਿਨਾਂ ਵਿਚ ਇਹ ਦੂਜਾ ਨੋਟਿਸ ਭੇਜਿਆ ਹੈ। ਸੂਤਰਾਂ ਮੁਤਾਬਕ ਟਵਿੱਟਰ ਨੂੰ ਨਵਾਂ ਨੋਟਿਸ ਪਿਛਲੇ ਹਫ਼ਤੇ ਵੀਰਵਾਰ ਨੂੰ ਭੇਜਿਆ ਗਿਆ ਹੈ ਤੇ ਕੰਪਨੀ ਨੇ ਹਾਲੇ ਤੱਕ ਹੁਕਮਾਂ ਉਤੇ ਅਮਲ ਨਹੀਂ ਕੀਤਾ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ ਵੀ ਆਈਟੀ ਮੰਤਰਾਲੇ ਨੇ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਨੂੰ 257 ਅਕਾਊਂਟ ਬੰਦ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਈ ਹੈਸ਼ਟੈਗ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚਲਾਏ ਗਏ ਸਨ। ਅਕਾਊਂਟ ਬੰਦ ਕਰਨ ਲਈ ਸਰਕਾਰ ਨੇ ਆਈਟੀ ਐਕਟ ਦੀ ਧਾਰਾ 69ਏ ਦਾ ਹਵਾਲਾ ਦਿੱਤਾ ਸੀ। ਸਰਕਾਰ ਨੇ ਟਵਿੱਟਰ ਨੂੰ ਹੁਕਮ ਨਾ ਮੰਨਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਹੈਸ਼ਟੈਗ ਨਾਲ ਟਵੀਟ ‘ਨਫ਼ਰਤ’ ਫੈਲਾਉਣ ਲਈ ਕੀਤੇ ਗਏ ਹਨ। ਹਾਲਾਂਕਿ ਟਵਿੱਟਰ ਨੇ ਸਮੀਖ਼ਿਆ ਮਗਰੋਂ ਕਈ ਅਕਾਊਂਟ ਮੁੜ ਚਲਾ ਦਿੱਤੇ ਸਨ।

Previous articleਆਜ਼ਾਦ ਨੇ ਜੰਮੂ ਕਸ਼ਮੀਰ ਬਾਰੇ ਕੇਂਦਰ ਦੇ ਇਰਾਦਿਆਂ ’ਤੇ ਖੜ੍ਹੇ ਕੀਤੇ ਸਵਾਲ
Next articleਨਵਜੋਤ ਸਿੱਧੂ ਵੱਲੋਂ ਪਿ੍ਰਯੰਕਾ ਗਾਂਧੀ ਨਾਲ ਮੁਲਾਕਾਤ