ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਕੇਂਦਰ ਸਰਕਾਰ ਵੱਲੋਂ ਅਗਲੇ ਸਾਲ ਅਪਰੈਲ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਇਥੇ ਕੌਮੀ ਅਮਲ ਕਮੇਟੀ (ਐਨਆਈਸੀ) ਦੀ ਬੈਠਕ ਦੌਰਾਨ ਅੱਜ ਇਹ ਫ਼ੈਸਲਾ ਲਿਆ ਗਿਆ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ‘ਵਿਸ਼ਵ ਵਿਆਪੀ ਭਾਈਚਾਰਕ ਵਰ੍ਹੇ’ ਵਜੋਂ ਮਨਾਇਆ ਜਾਵੇਗਾ ਅਤੇ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਪ੍ਰੀਸ਼ਦ (ਆਈਸੀਸੀਆਰ) ਵੱਲੋਂ ਭਾਰਤੀ ਮਿਸ਼ਨਾਂ ਰਾਹੀਂ ਦੁਨੀਆ ਭਰ ’ਚ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਐਨਆਈਸੀ ਨੇ ਜਲਿਆਂਵਾਲਾ ਬਾਗ ਕਾਂਡ ਦੇ ਸ਼ਤਾਬਦੀ ਵਰ੍ਹੇ ਨੂੰ ਵੀ ਮਨਾਉਣ ਦਾ ਫ਼ੈਸਲਾ ਲਿਆ ਹੈ। ਬੈਠਕ ’ਚ ਹਾਜ਼ਰ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ’ਚ ਕੌਮੀ ਅੰਤਰ ਧਰਮ ਅਧਿਐਨ ਇੰਸਟੀਚਿਊਟ ਸਥਾਪਤ ਕਰਨ ਦੀ ਤਜਵੀਜ਼ ਹੈ ਅਤੇ ਗ੍ਰਹਿ ਮੰਤਰੀ ਨੇ ਇਸ ਬਾਬਤ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਪੁੱਛੇ ਗਏ ਸਵਾਲ ਦਾ ਸ੍ਰੀ ਸਿੱਧੂ ਜਵਾਬ ਦੇਣ ਤੋਂ ਬਚਦੇ ਦਿਖਾਈ ਦਿੱਤੇ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸ਼ਰਧਾਲੂਆਂ ਨੂੰ ਅਸਾਨੀ ਨਾਲ ਦਰਸ਼ਨਾਂ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਐਨਆਈਸੀ ਦੀ ਬੈਠਕ ’ਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਕੇਂਦਰੀ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ, ਆਈਟੀ ਰਾਜ ਮੰਤਰੀ ਐਸ ਐਸ ਆਹਲੂਵਾਲੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਹੋਰ ਆਗੂ ਹਾਜ਼ਰ ਸਨ।