ਕੇਂਦਰ ਨੇ ਸ਼ੋਸਲ ਮੀਡੀਆ ਪਲੇਟਫਾਰਮਾਂ ਨੂੰ ਕੋਰੋਨਾ ਵਾਇਰਸ ਸਬੰਧੀ ਝੂਠੀਆਂ ਖਬਰਾਂ/ਗਲਤ ਸੂਚਨਾਵਾਂ ‘ਤੇ ਰੋਕ ਲਗਾਉਣ ਲਈ ਕਿਹਾ

ਜਨਤਕ ਹਿੱਤਾਂ ਲਈ ਕੋਵਿਡ-19 ਨਾਲ ਸਬੰਧਤ ਸਹੀ ਜਾਣਕਾਰੀ ਦੇ ਪਸਾਰ ਲਈ ਐਡਵਾਈਜ਼ਰੀ ਜਾਰੀ

ਚੰਡੀਗੜ : ਇਕ ਐਡਵਾਈਜ਼ਰੀ ਜਾਰੀ ਕਰਦਿਆਂ, ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਅੱਜ ਸਾਰੇ ਸੋਸਲ ਮੀਡੀਆ ਪਲੇਟਫਾਰਮਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਝੂਠੀਆਂ ਖਬਰਾਂ/ਗਲਤ ਜਾਣਕਾਰੀ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ। ਇਹ ਪਲੇਟਫਾਰਮ ਲਾਜ਼ਮੀ ਤੌਰ ‘ਤੇ ਆਪਣੇ ਉਪਭੋਗਤਾਵਾਂ ਨੂੰ ਜਨਤਕ ਵਿਵਸਥਾ ਨੂੰ ਖਰਾਬ ਕਰਨ ਅਤੇ ਕਿਸੇ ਵੀ ਤਰਾਂ ਦੀ ਗੈਰਕਾਨੂੰਨੀ ਜਾਣਕਾਰੀ ਨੂੰ ਪ੍ਰਦਰਸ਼ਿਤ, ਹੋਸਟ, ਅਪਲੋਡ, ਸੁਧਾਰਨ, ਪ੍ਰਕਾਸਤ, ਪ੍ਰਸਾਰਣ, ਅਪਡੇਟ ਜਾਂ ਸਾਂਝਾ ਨਾ ਕਰਨ ਸਬੰਧੀ ਸੂਚਿਤ ਕਰਨਗੇ।
ਮੰਤਰਾਲੇ ਨੇ ਵਿਚਕਾਰਲੀਆਂ ਧਿਰਾਂ ਨੂੰ ਜਿਥੇ ਤੱਕ ਹੋ ਸਕੇ ਕੋਰੋਨਾ ਵਾਇਰਸ ਨਾਲ ਜੁੜੀ ਪ੍ਰਮਾਣਿਕ ਜਾਣਕਾਰੀ ਦੇ ਪ੍ਰਸਾਰ ਨੂੰ ਉਤਸਾਹਿਤ ਕਰਨ ਅਤੇ ਨਾਲ ਹੀ ਉਪਭੋਗਤਾਵਾਂ ਨੂੰ ਕੋਵਿਡ-19 ਨਾਲ ਸਬੰਧਤ ਅਜਿਹੀ ਝੂਠੀ ਖਬਰ/ਗਲਤ ਜਾਣਕਾਰੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇ ਅਤੇ ਸਮਾਜਿਕ ਸਾਂਤੀ ਭੰਗ ਹੋਵੇ, ਨੂੰ ਅਪਲੋਡ/ਪ੍ਰਸਾਰਿਤ ਨਾ ਕਰਨ ਬਾਰੇ ਆਪਣੇ ਪਲੇਟਫਾਰਮਾਂ ‘ਤੇ ਜਾਗਰੂਕਤਾ ਮੁਹਿੰਮ ਦੀ ਸੁਰੂਆਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸੋਸਲ ਮੀਡੀਆ ਪਲੇਟਫਾਰਮਾਂ ਨੂੰ ਜਨਤਕ ਹਿੱਤਾਂ ਲਈ ਪਹਿਲ ਦੇ ਅਧਾਰ ‘ਤੇ ਆਪਣੇ ਪਲੇਟਫਾਰਮਾਂ ‘ਤੇ ਪਾਈ ਗਈ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਦਿੱਤੀ ਅਡਵਾਈਜ਼ਰੀ ਮੁਤਾਬਕ ਕੋਰੋਨਾ ਵਾਇਰਸ ਦਾ ਪ੍ਰਕੋਪ ਇਕ ਵਿਸ਼ਵਵਿਆਪੀ ਚਿੰਤਾ ਬਣ ਗਿਆ ਸੀ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਸਿਹਤ ਸੰਕਟ ਘੋਸ਼ਿਤ ਕੀਤਾ ਹੈ। ਹਾਲਾਂਕਿ, ਰਿਪੋਰਟਾਂ ਅਨੁਸਾਰ ਗ਼ਲਤ ਜਾਣਕਾਰੀ / ਗਲਤ ਖ਼ਬਰਾਂ ਦਾ ਪ੍ਰਸਾਰ ਕਰਨ ਅਤੇ ਕੋਵਿਡ-19 ਨਾਲ ਜੁੜੇ ਅਗਿਆਤ ਡੇਟਾ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਸਾਂਝਾ ਕਰਨ ਦਾ ਰੁਝਾਨ ਹੈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ  ਦਾ ਮਾਹੌਲ ਪੈਦਾ ਹੋ ਰਿਹਾ ਹੈ।
ਸੂਚਨਾ ਟੈਕਨੋਲੋਜੀ ਐਕਟ, 2000 ਦੀ ਧਾਰਾ 2 (1) (ਡਬਲਯੂ) ਦੇ ਅਨੁਸਾਰ  ਸੋਸ਼ਲ ਮੀਡੀਆ ਪਲੇਟਫਾਰਮ ਵਿਚਕਾਰਲੀ ਧਿਰ ਹੁੰਦੇ ਹਨ ਅਤੇ  ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 79 ਦੇ ਤਹਿਤ ਨੋਟੀਫਾਈ ਕੀਤੇ ਸੂਚਨਾ ਤੇ ਤਕਨਾਲੋਜੀ (ਇੰਟਰਮੀਡੀਅਰੀ ਗਾਈਡਲਾਈਨਜ਼) ਨਿਯਮ 2011 ਵਿਚ ਪਰਿਭਾਸ਼ਿਤ ਕੀਤੇ ਨਿਯਮਾਂ  ਦੀ ਪਾਲਣਾ ਕਰਨ ਲਈ ਵਚਨਬੱਧ ਹੁੰਦੇ ਹਨ।

Previous articleਕਰਫਿਊ ਦੌਰਾਨ 25 ਮਾਰਚ (ਬੁੱਧਵਾਰ) ਤੋਂ ਹੀ ਮਿਲੇਗੀ 3 ਘੰਟੇ ਦੀ ਢਿੱਲ
Next articleਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ