ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਰੋਨਾਵਾਇਰਸ ਵਿਰੋਧੀ ਵੈਕਸੀਨ ਬਰਾਮਦ ਕਰਨ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਬਰਾਮਦ ਕੀਤੀ ਗਈ ਵੈਕਸੀਨ ਦੀ ਡੋਜ਼ ਜੇਕਰ ਆਪਣੇ ਦੇਸ਼ ਵਿਚ ਲੋਕਾਂ ਨੂੰ ਲਗਾਈਆਂ ਹੁੰਦੀਆਂ ਤਾਂ ਭਾਰਤ ਵਿਚ ਵੱਡੀ ਗਿਣਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ।
ਮੀਡੀਆ ਨਾਲ ਆਨਲਾਈਨ ਗੱਲਬਾਤ ਦੌਰਾਨ ਸ੍ਰੀ ਸਿਸੋਦੀਆ ਨੇ ਕਿਹਾ, ‘‘ਅੱਜ ਜਦੋਂ ਸਾਡੇ ਆਪਣੇ ਦੇਸ਼ ਵਿਚ ਲੋਕ ਮਰ ਰਹੇ ਹਨ ਤਾਂ ਅਜਿਹੇ ਵਿਚ ਸਿਰਫ਼ ਆਪਣੇ ਸਾਖ਼ ਪ੍ਰਬੰਧਨ ਲਈ ਹੋਰ ਮੁਲਕਾਂ ਨੂੰ ਕਰੋਨਾਵਾਇਰਸ ਵਿਰੋਧੀ ਵੈਕਸੀਨ ਵੇਚਣਾ ਇਕ ਸੰਗੀਨ ਅਪਰਾਧ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ।’’ ਇਕ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦਿੰਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ 93 ਮੁਲਕਾਂ ਨੂੰ ਵੈਕਸੀਨ ਵੇਚੀ ਹੈ ਜਿਨ੍ਹਾਂ ਵਿਚੋਂ 60 ਫ਼ੀਸਦ ’ਚ ਕੋਵਿਡ-19 ਕੰਟਰੋਲ ਹੇਠ ਸੀ ਅਤੇ ਉੱਥੇ ਵਾਇਰਸ ਕਾਰਨ ਲੋਕਾਂ ਦੀ ਜਾਨ ਨੂੰ ਖ਼ਤਰਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਵਿਚ ਦੇਸ਼ ਦੇ ਵੱਡੀ ਗਿਣਤੀ ਨੌਜਵਾਨਾਂ ਦੀਆਂ ਜਾਨਾਂ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਵਿਰੋਧੀ ਵੈਕਸੀਨ ਦੀ ਡੋਜ਼ ਬਰਾਮਦ ਕਰਨ ਦੀ ਥਾਂ ਮਰਨ ਵਾਲੇ ਨੌਜਵਾਨਾਂ ਨੂੰ ਲਗਾਈਆਂ ਹੁੰਦੀਆਂ ਤਾਂ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹੁਣ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਵਿਚ ਬਣੀ ਵੈਕਸੀਨ ਉਨ੍ਹਾਂ ਰਾਜਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਨ੍ਹਾਂ ਵਿਚ ਵੈਕਸੀਨ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਢੁਕਵੀਂ ਮਾਤਰਾ ਵਿਚ ਵੈਕਸੀਨ ਦੀ ਡੋਜ਼ ਮੁਹੱਈਆ ਕਰਵਾਈ ਜਾਵੇ ਤਾਂ ਦਿੱਲੀ ਸਰਕਾਰ ਤਿੰਨ ਮਹੀਨਿਆਂ ਦੇ ਅੰਦਰ ਕੌਮੀ ਰਾਜਧਾਨੀ ਦੇ ਹਰੇਕ ਵਿਅਕਤੀ ਦਾ ਟੀਕਾਕਰਨ ਕਰ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly