ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰ ਸਰਕਾਰ ਨੇ ਅੱਜ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਕਰੋਨਾ ਦੇ ਆਯੁਰਵੈਦਿਕ ਇਲਾਜ ਸਬੰਧੀ ਪ੍ਰਚਾਰ ਕਰਨ ਤੋਂ ਰੋਕ ਦਿੱਤਾ। ਸਰਕਾਰ ਨੇ ਇਸ ਦੇ ਵਿਗਿਆਨਕ ਆਧਾਰ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਹਾ ਹੈ। ਉਧਰ, ਆਯੂਸ ਮੰਤਰਾਲੇ ਨੇ ਦਵਾਈ ਸਬੰਧੀ ਕਿਸੇ ਤਰ੍ਹਾਂ ਦੀ ਵਿਗਿਆਨਕ ਰਿਸਰਚ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਕੇਂਦਰ ਦੇ ਇਸ ਫੈਸਲੇ ਨਾਲ ਪਤੰਜਲੀ ਵੱਲੋਂ ਮਾਰਕਿਟ ਵਿੱਚ ਉਤਾਰੀ ਆਯੁਰਵੈਦਿਕ ਦਿਵਿਆ ਕਰੋਨਾ ਕਿੱਟ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਆਯੁੂਸ ਮੰਤਰਾਲੇ ਨੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਕਰੋਨਾ ਦੇ ਇਲਾਜ ਸਬੰਧੀ ਦਵਾਈ ਦੇ ਨਾਂ ਅਤੇ ਉਸ ਦੀ ਖੁਰਾਕ ਅਤੇ ਜਿਨ੍ਹਾਂ ਹਸਪਤਾਲਾਂ ਵਿੱਚ ਇਸ ਸਬੰਧੀ ਰਿਸਰਚ ਕੀਤੀ ਗਈ ਹੈ ਬਾਰੇ ਜਾਣਕਾਰੀ ਸੌਂਪਣ ਨੂੰ ਕਿਹਾ ਹੈ।
ਕਾਬਿਲੇਗੌਰ ਹੈ ਕਿ ਪਤੰਜਲੀ ਨੇ ਦਿਵਿਆ ਕਰੋਨਾ ਕਿੱਟ ਰਾਹੀਂ 7 ਦਿਨਾਂ ਵਿੱਚ ਕਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਹੈ। ਮੰਤਰਾਲੇ ਨੇ ਉੱਤਰਾਖੰਡ ਲਾਇਸੈਂਸਿਗ ਅਥਾਰਟੀ ਤੋਂ ਕੋਵਿਡ-19 ਦੇ ਇਲਾਜ ਸਬੰਧੀ ਦਵਾਈ ਨੂੰ ਮਨਜ਼ੂਰੀ ਦੇਣ ਦੇ ਲਾਇਸੈਂਸ ਦੀ ਕਾਪੀ ਵੀ ਮੰਗ ਲਈ ਹੈ।