ਨਵੀਂ ਦਿੱਲੀ/ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਵਾਈ-ਪਲੱਸ’ ਵਰਗ ਦੀ ਸੁਰੱਖਿਆ ਛੱਤਰੀ ਮਨਜ਼ੂਰ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਤੇ ਮਹਾਰਾਸ਼ਟਰ ਸਰਕਾਰ ਨਾਲ ਅਦਾਕਾਰਾ ਦਾ ਸ਼ਬਦੀ ਤਕਰਾਰ ਹੋਇਆ ਸੀ ਤੇ ਉਹ ਜਲਦੀ ਮੁੰਬਈ ਆ ਰਹੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਣੌਤ ਨੂੰ ਚੌਵੀ ਘੰਟੇ ਸੁਰੱਖਿਆ ਦਿੱਤੀ ਜਾਵੇਗੀ।
ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦਾ ਇਕ ਵਿਸ਼ੇਸ਼ ਸੁਰੱਖਿਆ ਵਿੰਗ ਇਸ ਲਈ ਤਾਇਨਾਤ ਕੀਤਾ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਜ਼ਿੰਮੇਵਾਰੀ ਸੀਆਈਐੱਸਐਫ ਨੂੰ ਸੌਂਪੀ ਜਾਵੇਗੀ ਜਾਂ ਸੀਆਰਪੀਐਫ ਨੂੰ। ਕੰਗਨਾ ਦੀ ਮੁੰਬਈ ਵਿਚ 9 ਸਤੰਬਰ ਨੂੰ ਲੈਂਡਿੰਗ ਤੋਂ ਪਹਿਲਾਂ ਉਸ ਲਈ ‘ਵਾਈ’ ਵਰਗ ਦੀ ਸੁਰੱਖਿਆ ਮੌਜੂਦ ਹੋਵੇਗੀ। ਸੁਰੱਖਿਆ ਤਹਿਤ ਇਕ ਨਿੱਜੀ ਸੁਰੱਖਿਆ ਅਫ਼ਸਰ ਤਿੰਨ ਸ਼ਿਫ਼ਟਾਂ ਵਿਚ ਉਸ ਦੇ ਨਾਲ ਭਾਰਤ ’ਚ ਯਾਤਰਾ ਦੌਰਾਨ ਰਹੇਗਾ। ਪੰਜ ਸੁਰੱਖਿਆ ਮੁਲਾਜ਼ਮ ਘਰ ’ਚ ਮੌਜੂਦ ਰਹਿਣਗੇ। ਕੁੱਲ 8 ਕਮਾਂਡੋ ਚੌਵੀ ਘੰਟੇ ਰਣੌਤ ਦੀ ਸੁਰੱਖਿਆ ’ਚ ਤਾਇਨਾਤ ਰਹਿਣਗੇ।
ਕੰਗਨਾ ਨੇ ਸੁਰੱਖਿਆ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਹਿੰਦੀ ਵਿਚ ਟਵੀਟ ਕਰ ਕੇ ਅਦਾਕਾਰਾ ਨੇ ਲਿਖਿਆ ‘ਇਹ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੀ ਦੇਸ਼ਭਗਤ ਆਵਾਜ਼ ਨੂੰ ਕੋਈ ਵੀ ਫਾਸ਼ੀਵਾਦੀ ਦਬਾ ਨਹੀਂ ਸਕਦਾ। ਅਮਿਤ ਸ਼ਾਹ ਮੈਨੂੰ ਮੁੰਬਈ ਕੁਝ ਦਿਨ ਨਾ ਜਾਣ ਲਈ ਕਹਿ ਸਕਦੇ ਸਨ, ਪਰ ਉਨ੍ਹਾਂ ਭਾਰਤ ਦੀ ਬੇਟੀ ਦੇ ਸ਼ਬਦਾਂ ਦਾ ਮਾਣ ਰੱਖਿਆ ਹੈ ਤੇ ਸਾਡਾ ਆਤਮਸਨਮਾਨ ਬਚਾਇਆ ਹੈ।’
ਜ਼ਿਕਰਯੋਗ ਹੈ ਕਿ ਕੰਗਨਾ ਨੇ ਹਾਲ ਹੀ ਵਿਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਕੀਤੀ ਸੀ। ਇਸ ’ਤੇ ਮਹਾਰਾਸ਼ਟਰ ਸਰਕਾਰ ਤੇ ਸ਼ਿਵ ਸੈਨਾ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇਸ ਤੋਂ ਪਹਿਲਾਂ ਸੰਜੈ ਰਾਉਤ ਨੇ ਕੰਗਨਾ ਨੂੰ ਚਿਤਾਵਨੀ ਦਿੰਦਿਆਂ ਮੁੰਬਈ ਤੋਂ ਪਿਤਰੀ ਸੂਬੇ ਹਿਮਾਚਲ ਪਰਤ ਜਾਣ ਲਈ ਕਿਹਾ ਸੀ। ਇਸੇ ਦੌਰਾਨ ਰਣੌਤ ਖ਼ਿਲਾਫ਼ ਮੁੰਬਈ ਪੁਲੀਸ ਨੂੰ ਦੋ ਸ਼ਿਕਾਇਤਾਂ ਵੀ ਮਿਲੀਆਂ ਹਨ। ਕੰਗਨਾ ਨੇ ਇਕ ਹੋਰ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਮੁੰਬਈ ਨਗਰ ਨਿਗਮ ਉਸ ਦਾ ਮੁੰਬਈ ਸਥਿਤ ਦਫ਼ਤਰ ਢਹਿ-ਢੇਰੀ ਕਰ ਸਕਦਾ ਹੈ। ਉਸ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਬੀਐਮਸੀ ਦੇ ਅਧਿਕਾਰੀ ਉਸ ਦੇ ਦਫ਼ਤਰ ਪੁੱਜੇ ਹੋਏ ਹਨ।