* ਕੇਂਦਰ ਵੱਲੋਂ ਜਥਾ ਰੋਕਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਬਾਰੇ ਹੁਣ ਤੱਕ ਕੋਈ ਹੁੰਗਾਰਾ ਨਹੀਂ
ਅੰਮ੍ਰਿਤਸਰ (ਸਮਾਜ ਵੀਕਲੀ) : ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮਾਮਲਾ ਨਿਰੰਤਰ ਭਖ਼ਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੜ ਇਕ ਹੋਰ ਪੱਤਰ ਭੇਜਿਆ ਹੈ। ਪੱਤਰ ਦੇ ਨਾਲ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਸਬੰਧਤ 8 ਪੁਸਤਕਾਂ ਵੀ ਭੇਜੀਆਂ ਹਨ ਤਾਂ ਜੋ ਕੇਂਦਰੀ ਆਗੂਆਂ ਨੂੰ ਇਸ ਸਾਕੇ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾ ਸਕੇ।
ਮੀਡੀਆ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਨੇ ਖੁਲਾਸਾ ਕੀਤਾ ਕਿ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਸਬੰਧਤ ਤੇ ਹੋਰ ਅੱਠ ਪੁਸਤਕਾਂ ਦਾ ਇਕ ਸੈੱਟ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ, ਜਿਸ ਦੇ ਨਾਲ ਇਕ ਪੱਤਰ ਵੀ ਹੈ। ਇਹ ਪੁਸਤਕਾਂ ਅਤੇ ਪੱਤਰ ਸ਼੍ਰੋਮਣੀ ਕਮੇਟੀ ਦਾ ਇਕ ਮੀਤ ਸਕੱਤਰ ਤੇ ਹੋਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਕੇਂਦਰ ਸਰਕਾਰ ਜਥਾ ਰੋਕਣ ਸਬੰਧੀ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ। ਕਮੇਟੀ ਪ੍ਰਧਾਨ ਨੇ ਕਿਹਾ ਕਿ ਭਲਕੇ 20 ਅਤੇ 21 ਫਰਵਰੀ ਨੂੰ ਵੀ ਸਰਕਾਰ ਜੇਕਰ ਆਗਿਆ ਦੇਵੇ ਤਾਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾ ਕੇ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਪਾਕਿਸਤਾਨ ਰਹਿ ਗਏ ਗੁਰਧਾਮਾਂ ਅਤੇ ਇਸ ਸਾਕੇ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ 21 ਫਰਵਰੀ ਨੂੰ ਹੋ ਰਹੇ ਸਮਾਗਮ ਦਾ ਹਿੱਸਾ ਬਣਨ ਲਈ ਸਿੱਖ ਸੰਗਤ ਨੂੰ ਆਗਿਆ ਦੇਵੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਹੁਣ ਤਕ ਕੇਂਦਰ ਸਰਕਾਰ ਨੂੰ ਪਹਿਲਾਂ ਭੇਜੇ ਪੱਤਰ ਦਾ ਕੋਈ ਹੁੰਗਾਰਾ ਨਹੀਂ ਪੁੱਜਾ ਹੈ ਪਰ ਉਹ ਉਡੀਕ ਕਰ ਰਹੇ ਹਨ ਕਿ ਸ਼ਾਇਦ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਜਥਾ ਭੇਜਣ ਦੀ ਆਗਿਆ ਦੇਵੇ।