ਨਵੀਂ ਦਿੱਲੀ- ਖੇਤੀ ਖੇਤਰ ਨਾਲ ਜੁੜੇ ਕੁੱਲ 11,379 ਵਿਅਕਤੀਆਂ ਨੇ 2016 ਦੌਰਾਨ ਖ਼ੁਦਕੁਸ਼ੀ ਕੀਤੀ ਸੀ ਪਰ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਆਤਮਹੱਤਿਆ ਕਰਨ ਸਬੰਧੀ ਸਰਕਾਰ ਨੇ ਕੋਈ ਰਿਪੋਰਟ ਪ੍ਰਕਾਸ਼ਿਤ ਨਹੀਂ ਕੀਤੀ ਹੈ। ਕੇਂਦਰ ਸਰਕਾਰ ਦੇ ਇਕ ਮੰਤਰੀ ਨੇ ਖ਼ੁਦ ਸੰਸਦ ਵਿਚ ਇਹ ਜਵਾਬ ਦਿੱਤਾ ਹੈ। ਸੰਸਦ ਦੇ ਹਾਲ ਹੀ ਵਿਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀ ਖੇਤਰ ਵਿਚ ਸ਼ਾਮਲ ਕੁੱਲ 11,379 ਵਿਅਕਤੀਆਂ (ਜਿਨ੍ਹਾਂ ਵਿਚ 6,270 ਕਿਸਾਨ ਤੇ ਖੇਤ ਮਜ਼ਦੂਰ ਅਤੇ 5109 ਖੇਤੀ ਕਾਮੇ ਸ਼ਾਮਲ ਹਨ) ਨੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲਾ ਕੌਮੀ ਅਪਰਾਧ ਰਿਕਾਰਡ ਬਿਊਰੋ ਭਾਰਤ ਵਿਚ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਤੇ ਖ਼ੁਦਕੁਸ਼ੀਆਂ ਸਬੰਧੀ ਆਪਣੇ ਪ੍ਰਕਾਸ਼ਨ ਵਿਚ ਅਜਿਹੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਜੋੜਦਾ ਹੈ ਤੇ ਪ੍ਰਸਾਰ ਕਰਦਾ ਹੈ। ਮੰਤਰੀ ਨੇ ਦੱਸਿਆ ਕਿ ਖ਼ੁਦਕੁਸ਼ੀਆਂ ਸਬੰਧੀ ਸਾਲ 2016 ਤੱਕ ਦੀ ਸੂਚਨਾ ਬਿਊਰੋ ਦੀ ਵੈੱਬਸਾਈਟ ’ਤੇ ਉਪਲਬਧ ਹੈ ਪਰ ਸਾਲ 2017 ਤੋਂ ਬਾਅਦ ਇਹ ਰਿਪੋਰਟ ਪ੍ਰਕਾਸ਼ਿਤ ਨਹੀਂ ਹੋਈ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਾਰਜਪ੍ਰਣਾਲੀ ਦੀ ਸਿਫ਼ਾਰਿਸ਼ ਕਰਨ ਦੇ ਮੰਤਵ ਨਾਲ 2016 ਤੱਕ ਵੱਖ-ਵੱਖ ਮੰਤਰਾਲਿਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਤੇ ਸਰਕਾਰ ਨੇ ਅਗਲੇ ਅਮਲ ਦੀ ਨਿਗਰਾਨੀ ਲਈ ਉੱਚ ਪੱਧਰੀ ਅਥਾਰਿਟੀ ਦਾ ਗਠਨ ਕੀਤਾ ਹੈ।
INDIA ਕੇਂਦਰ ਕੋਲ 2017 ਤੋਂ ਬਾਅਦ ਦੀਆਂ ਕਿਸਾਨ ਖ਼ੁਦਕੁਸ਼ੀਆਂ ਦਾ ਨਹੀਂ ਰਿਕਾਰਡ