ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਲਈ ਸਰਕਾਰ ਵੱਲੋਂ ਭੇਜੀਆਂ ਗਈਆਂ ਤਜਵੀਜ਼ਾਂ ’ਤੇ ਗੌਰ ਕਰਨ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਇਸ ਮੁੱਦੇ ’ਤੇ ਕਿਸੇ ਵੇਲੇ ਵੀ ਗੱਲਬਾਤ ਕਰਨ ਲਈ ਤਿਆਰ ਹੈ। ਆਪਣੇ ਵਜ਼ਾਰਤੀ ਸਾਥੀ ਪਿਊਸ਼ ਗੋਇਲ ਦੀ ਮੌਜੂਦਗੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ ਕਿ ਉਹ ਇਸ ਮਸਲੇ ਦਾ ਕੋਈ ਹੱਲ ਨਿਕਲਣ ਬਾਰੇ ਆਸਵੰਦ ਹਨ। ਚੇਤੇ ਰਹੇ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਬੁੱਧਵਾਰ ਨੂੰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਦੇ ‘ਲਿਖਤੀ ਭਰੋਸੇ’ ਤੇ ਖੇਤੀ ਕਾਨੂੰਨਾਂ ਵਿਚਲੀਆਂ ਹੋਰਨਾਂ ਕੁਝ ਵਿਵਸਥਾਵਾਂ ’ਚ ਸੋਧਾਂ ਨਾਲ ਸਬੰਧਤ ਤਜਵੀਜ਼ਾਂ ਨੂੰ ‘ਬੇਹੀਆਂ’ ਦੱਸ ਕੇ ਖਾਰਜ ਕਰ ਦਿੱਤਾ ਸੀ।
ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਇਸ ਮੁੱਦੇ ’ਤੇ ਹੋਰ ਵਿਚਾਰ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜਦੋਂ ਦੋ ਧਿਰਾਂ ਵਿਚਾਲੇ ਗੱਲਬਾਤ ਚਲਦੀ ਹੋਵੇ, ਉਸ ਮੌਕੇ ਅੰਦੋਲਨ ਦੇ ਅਗਲੇ ਗੇੜ ਦਾ ਐਲਾਨ ਕਰਨਾ ਗੈਰਵਾਜਬ ਹੈ। ਉਨ੍ਹਾਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਗੱਲਬਾਤ ਦੀ ਮੇਜ਼ ’ਤੇ ਪਰਤ ਆਉਣ। ਕੇਂਦਰੀ ਖੇਤੀ ਮੰਤਰੀ ਨੇ ਕਿਹਾ, ‘ਕਿਸਾਨਾਂ ਨਾਲ ਬੈਠਕਾਂ ਮਗਰੋਂ ਅਸੀਂ ਆਪਣੀਆਂ ਤਜਵੀਜ਼ਾਂ ਉਨ੍ਹਾਂ ਨੂੰ ਭੇਜ ਦਿੱਤੀਆਂ ਸਨ।
ਲਿਹਾਜ਼ਾ, ਅਸੀਂ ਉਨ੍ਹਾਂ ਨੂੰ ਇਨ੍ਹਾਂ ’ਤੇ ਗੌਰ ਕਰਨ ਦੀ ਅਪੀਲ ਕਰਦੇ ਹਾਂ। ਜੇ ਉਹ ਇਨ੍ਹਾਂ ਤਜਵੀਜ਼ਾਂ ’ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ, ਤਾਂ ਅਸੀਂ ਉਸ ਲਈ ਵੀ ਤਿਆਰ ਹਾਂ।’ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਨਵਾਂ ਬਿੱਲ ਲਿਆਉਣ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਐੱਮਐੱਸਪੀ ਅਸਰ ਅੰਦਾਜ਼ ਨਹੀਂ ਹੋਵੇਗੀ ਤੇ ਇਹ ਪਹਿਲਾਂ ਵਾਂਗ ਜਾਰੀ ਰਹੇਗੀ। ਤੋਮਰ ਨੇ ਕਿਹਾ, ‘ਸਰਕਾਰ ਨਵੇਂ ਕਾਨੂੰਨਾਂ ਬਾਰੇ ਕਿਸਾਨਾਂ ਦੀ ਕਿਸੇ ਵੀ ਤਜਵੀਜ਼ ’ਤੇ ਖੁੱਲ੍ਹੇ ਮਨ ਨਾਲ ਵਿਚਾਰ ਚਰਚਾ ਲਈ ਤਿਆਰ ਹੈ ਤੇ ਅਸੀਂ ਉਨ੍ਹਾਂ ਦੇ ਸਾਰੇ ਖ਼ਦਸ਼ਿਆਂ ਨੂੰ ੂਰ ਕਰਨਾ ਚਾਹੁੰਦੇ ਹਾਂ।’
ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦੇ ਤੌਖਲੇ ਦੂਰ ਕਰਨ ਲਈ ਕਿਸਾਨ ਆਗੂਆਂ ਤੋਂ ਸੁਝਾਵਾਂ ਦੀ ਉਡੀਕ ਕਰ ਰਹੇ ਹਾਂ, ਪਰ ਉਹ ਕਾਨੂੰਨਾਂ ਨੂੰ ਮਨਸੂਖ਼ ਕਰਨ ਦੀ ਜ਼ਿੱਦ ’ਤੇ ਅੜੇ ਹਨ।’ ਮੰਤਰੀ ਨੇ ਸੈਂਕੜੇ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੁੱਖ ਮੰਗ ਨੂੰ ਅਸਿੱਧੇ ਤੌਰ ’ਤੇ ਰੱਦ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਸੰਵਾਦ ਲਈ ਤਿਆਰ ਹੈ ਤੇ ਅੱਗੋਂ ਵੀ ਰਹੇਗੀ। ਮੰਤਰੀ ਨੇ ਕਿਹਾ, ‘ਸਾਨੂੰ ਕੋਵਿਡ-19 ਮਹਾਮਾਰੀ ਦੇ ਇਨ੍ਹਾਂ ਹਾਲਾਤਾਂ ਵਿੱਚ ਅਤੇ ਠੰਢ ਵਿੱਚ ਧਰਨਿਆਂ ’ਤੇ ਬੈਠੇ ਕਿਸਾਨਾਂ ਦੀ ਫਿਕਰ ਹੈ। ਕਿਸਾਨ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀ ਤਜਵੀਜ਼ ’ਤੇ ਜਲਦੀ ਹੀ ਕੋਈ ਫੈਸਲਾ ਲੈਣ ਤੇ ਉਸ ਮਗਰੋਂ ਹੀ ਜੇ ਲੋੜ ਪੈਂਦੀ ਹੈ ਤਾਂ ਅਸੀਂ ਆਪਸੀ ਰਜ਼ਾਮੰਦੀ ਨਾਲ ਅਗਲੀ ਮੀਟਿੰਗ ਬਾਰੇ ਫੈਸਲਾ ਕਰ ਸਕਦੇ ਹਾਂ।’
ਪ੍ਰੈੱਸ ਕਾਨਫਰੰਸ ’ਚ ਮੌਜੂਦ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ, ‘ਅਸੀਂ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਅਤੇ ਯੂਨੀਅਨ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਖ਼ਤਮ ਕਰਕੇ ਸਰਕਾਰ ਨਾਲ ਸੰਵਾਦ ਕਰਨ ਤਾਂ ਕਿ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕੱਢਿਆ ਜਾ ਸਕੇ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਭਲੇ ਲਈ ਇਸ ਮਸਲੇ ਦਾ ਕੋਈ ਦੋਸਤਾਨਾ ਹੱਲ ਲੱਭਣ ਲਈ ਸਰਕਾਰ ਦੀ ਪਹੁੰਚ ਖੁੱਲ੍ਹੀ ਤੇ ਸੁਰ ਨਰਮ ਹੈ। ਸ੍ਰੀ ਗੋਇਲ ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ੲੇਪੀਐੱਮਸੀ ’ਤੇ ਕੋਈ ਅਸਰ ਨਹੀਂ ਪਏਗਾ ਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਾਈਵੇਟ ਮੰਡੀਆਂ ’ਚ ਆਪਣੀ ਜਿਣਸ ਵੇਚਣ ਦਾ ਇਕ ਵਾਧੂ ਵਿਕਲਪ ਹੀ ਦਿੱਤਾ ਜਾ ਰਿਹੈ।