ਕੇਂਦਰੀ ਹਲਫ਼ਨਾਮੇ ’ਤੇ ਸੁਪਰੀਮ ਕੋਰਟ 13 ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ:ਸੁਪਰੀਮ ਕੋਰਟ ਵੱਲੋਂ ਕੋਵਿਡ-19 ਪ੍ਰਬੰਧਨ ਦੇ ਖੁਦ ਨੋਟਿਸ ’ਚ ਲਏ ਗਏ ਮਾਮਲੇ ’ਤੇ ਅੱਜ ਤਕਨੀਕੀ ਨੁਕਸ ਕਾਰਨ ਸੁਣਵਾਈ ਨਹੀਂ ਹੋ ਸਕੀ ਜਿਸ ਮਗਰੋਂ ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਤੇ 13 ਮਈ ਨੂੰ ਸੁਣਵਾਈ ਕੀਤੀ ਜਾਵੇਗੀ ਅਤੇ ਇਸ ਨਾਲ ਜੱਜਾਂ ਨੂੰ ਸਰਕਾਰ ਵੱਲੋਂ ਲੰਘੀ ਰਾਤ ਦਾਇਰ ਹਲਫ਼ਨਾਮਾ ਪੜ੍ਹਨ ਦਾ ਵੱਧ ਸਮਾਂ ਮਿਲ ਜਾਵੇਗਾ।

ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਲ ਐੱਨ ਰਾਓ ਅਤੇ ਜਸਟਿਸ ਐੱਸ ਰਵਿੰਦਰ ਭੱਟ ਦੇ ਬੈਂਚ ਨੇ ਕਿਹਾ, ‘ਅੱਜ ਸਾਡਾ ਸਰਵਰ ਖਰਾਬ ਹੈ। ਅਸੀਂ ਜੱਜਾਂ ਨੇ ਆਪਸ ’ਚ ਚਰਚਾ ਕੀਤੀ ਅਤੇ ਇਸ ਮਾਮਲੇ ’ਤੇ ਵੀਰਵਾਰ ਨੂੰ ਸੁਣਵਾਈ ਦਾ ਫ਼ੈਸਲਾ ਲਿਆ ਹੈ।’ ਜਸਟਿਸ ਭੱਟ ਨੇ ਕਿਹਾ ਕਿ ਇਸੇ ਵਿਚਾਲੇ ਜੱਜ ਕੇਂਦਰ ਸਰਕਾਰ ਵੱਲੋਂ ਲੰਘੀ ਰਾਤ ਦਾਇਰ ਹਲਫ਼ਨਾਮਾ ਦੇਖਣਗੇ ਅਤੇ ਇਸ ਮਾਮਲੇ ’ਚ ਅਦਾਲਤੀ ਮਿੱਤਰ ਨੂੰ ਵੀ ਇਹ ਦੇਖ ਕੇ ਜਵਾਬ ਦੇਣ ਲਈ ਸਮਾਂ ਮਿਲ ਜਾਵੇਗਾ। ਵੀਡੀਓ ਕਾਨਫਰੰਸ ਰਾਹੀਂ ਹੋ ਰਹੀ ਸੁਣਵਾਈ ਤਕਨੀਕੀ ਨੁਕਸ ਕਾਰਨ ਰੁਕਣ ਤੋਂ ਪਹਿਲਾਂ ਜਸਟਿਸ ਚੰਦਰਚੂੜ ਨੇ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੈਂਚ ਦੇ ਦੋ ਜੱਜਾਂ ਨੂੰ ਹਲਫ਼ਨਾਮਾ ਅੱਜ ਸਵੇਰੇ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਜਸਟਿਸ ਰਾਓ ਨੂੰ ਸਵੇਰੇ ਜਸਟਿਸ ਭੱਟ ਤੋਂ ਹਲਫ਼ਨਾਮੇ ਦੀ ਕਾਪੀ ਲੈਣੀ ਪਈ ਕਿਉਂਕਿ ਉਨ੍ਹਾਂ ਨੂੰ ਆਪਣੀ ਕਾਪੀ ਨਹੀਂ ਮਿਲੀ ਸੀ। ਜਸਟਿਸ ਚੰਦਰਚੂੜ ਨੇ ਕਿਹਾ, ‘ਮੈਨੂੰ ਹਲਫ਼ਨਾਮਾ ਦੇਰ ਰਾਤ ਮਿਲਿਆ ਪਰ ਮੇਰੇ ਸਾਥੀ ਜੱਜਾਂ ਨੂੰ ਇਹ ਸਵੇਰੇ ਮਿਲਿਆ। ਮੈਨੂੰ ਹਲਫ਼ਨਾਮਾ ਮਿਲਣ ਤੋਂ ਪਹਿਲਾਂ ਮੈਂ ਇਸ ਨੂੰ ਮੀਡੀਆ ’ਚ ਪੜ੍ਹਿਆ।’ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਹਲਫ਼ਨਾਮਾ ਦਾਇਰ ਕਰਨ ਤੋਂ ਬਾਅਦ ਉਨ੍ਹਾਂ ਇਸ ਦੀ ਕਾਪੀ ਸਰਕਾਰ ਨੂੰ ਦੇ ਦਿੱਤੀ ਸੀ ਅਤੇ ਇਹ ਪਤਾ ਕਰਨਾ ਬਹੁਤ ਮੁਸ਼ਕਿਲ ਹੈ ਕਿ ਇਹ ਮੀਡੀਆ ਨੂੰ ਕਿੱਥੋਂ ਮਿਲਿਆ।

Previous article‘ਕਰੋਨਾ ਦੀ ਰਿਪੋਰਟ ਬਿਨਾਂ ਵੀ ਮਰੀਜ਼ ਹਸਪਤਾਲ ਦਾਖਲ ਕੀਤੇ ਜਾਣ’
Next articleਮੈਡੀਕਲ ਵਸਤਾਂ ਦੀ ਕਾਲਾਬਾਜ਼ਾਰੀ ਖ਼ਿਲਾਫ਼ ਹਾਈ ਕੋਰਟ ਸਖ਼ਤ