ਸੰਗਰੂਰ (ਸਮਾਜ ਵੀਕਲੀ): ਖੇਤੀ ਬਿਲਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਲਈ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਵਲੋਂ ਇਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੇਂਦਰੀ ਖੇਤੀ ਰਾਜ ਮੰਤਰੀ ਦੀ ਰੱਖੀ ਆਨਲਾਈਨ ਮੀਟਿੰਗ ਵਿੱਚ ਅੱਜ ਉਸ ਵੇਲੇ ਰੰਗ ਵਿੱਚ ਭੰਗ ਪੈ ਗਿਆ ਜਦੋਂ ਮੀਟਿੰਗ ਦੀ ਭਿਣਕ ਪੈਂਦਿਆਂ ਹੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਸਰਵਹਿਤਕਾਰੀ ਸਕੂਲ ਨੇ ਘੇਰ ਲਿਆ। ਇਕੱਠੇ ਹੋੲੇ ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਤਣਾਅਪੂਰਨ ਹੋਣ ਕਾਰਨ ਐੱਸਐੱਸਪੀ ਦੀ ਅਗਵਾਈ ਹੇਠ ਵੱਡੀ ਤਾਦਾਦ ’ਚ ਪੁਲੀਸ ਫੋਰਸ ਮੌਕੇ ’ਤੇ ਪੁੱਜ ਗਈ। ਉਧਰ ਕਿਸਾਨ
ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਜੇਕਰ ਸਕੂਲ ’ਚ ਹੋ ਰਹੀ ਆਨਲਾਈਨ ਮੀਟਿੰਗ ਖਤਮ ਨਾ ਕਰਾਈ ਤਾਂ ਉਹ ਜਬਰੀ ਸਕੂਲ ’ਚ ਦਾਖਲ ਹੋਣਗੇ। ਇਸ ਮਗਰੋਂ ਪੁਲੀਸ ਅਧਿਕਾਰੀਆਂ ਨੇ ਸਕੂਲ ਅੰਦਰ ਜਾ ਕੇ ਭਾਜਪਾ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਬਾਹਰ ਆ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੀਟਿੰਗ ਖਤਮ ਕਰਵਾ ਦਿੱਤੀ ਹੈ। ਮਗਰੋਂ ਪੁਲੀਸ ਅਧਿਕਾਰੀਆਂ ਨੇ ਕੁਝ ਕਿਸਾਨ ਆਗੂਆਂ ਨੂੰ ਸਕੂਲ ਅੰਦਰ ਲਿਜਾ ਕੇ ਮੀਟਿੰਗ ਹਾਲ ਵਿਖਾਇਆ, ਜਿਸ ਮਗਰੋਂ ਉਹ ਸ਼ਾਂਤ ਹੋਏ। ਦੱਸਣਾ ਬਣਦਾ ਹੈ ਕਿ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਵਲੋਂ ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਿਰ (ਸਕੂਲ) ਵਿਚ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ।
ਖੇਤੀ ਰਾਜ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਮੀਟਿੰਗ ’ਚ ਖੇਤੀ ਬਿਲਾਂ ਬਾਰੇ ਕਿਸਾਨਾਂ ਨੂੰ ਵੀ ਸਮਝਾਉਣਾ ਸੀ, ਪਰ ਮੀਟਿੰਗ ਦੌਰਾਨ ਕੋਈ ਕਿਸਾਨ ਨਜ਼ਰ ਨਹੀਂ ਆਇਆ। ਮੀਟਿੰਗ ’ਚ ਬੈਠੇ ਕੁੱਝ ਵਿਅਕਤੀਆਂ ਨੂੰ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਤੁਸੀਂ ਕਿਸਾਨ ਹੋ, ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਪੱਲੇਦਾਰ ਹਨ ਅਤੇ ਅਨਾਜ ਮੰਡੀ ਧੂਰੀ ਤੋਂ ਆਏ ਹਨ। ਮੀਟਿੰਗ ’ਚ ਭਾਜਪਾ ਦੇ ਸੂਬਾ ਆਗੂ ਜਤਿੰਦਰ ਕਾਲੜਾ, ਭਾਜਪਾ ਕਿਸਾਨ ਆਗੂ ਸਤਵੰਤ ਸਿੰਘ ਪੂਨੀਆਂ, ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਅਤੇ ਹੋਰ ਆਗੂ ਮੌਜੂਦ ਸਨ।
ਭਾਜਪਾ ਦੀ ਵੀਡੀਓ ਕਾਨਫਰੰਸਿੰਗ ਦਾ ਪਤਾ ਲੱਗਣ ’ਤੇ ਕੁਝ ਨੌਜਵਾਨ ਕਿਸਾਨ ਮੀਟਿੰਗ ਵਾਲੇ ਸਕੂਲ ਅੱਗੇ ਪੁੱਜੇ ਅਤੇ ਧਰਨੇ ’ਤੇ ਬੈਠਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਤਾਇਨਾਤ ਪੁਲੀਸ ਨੇ ਇਨ੍ਹਾਂ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਸੜਕ ’ਤੇ ਲੰਮੇ ਪੈ ਗਏ। ਇਸ ਦੀ ਖ਼ਬਰ ਜਿਉਂ ਹੀ ਰੇਲਵੇ ਸਟੇਸ਼ਨ ’ਤੇ ਚੱਲ ਰਹੇ ‘ਰੇਲ ਰੋਕੋ ਅੰਦੋਲਨ’ ਦੇ ਧਰਨੇ ’ਚ ਪੁੱਜੀ ਤਾਂ ਸੈਂਕੜਿਆਂ ਦੀ ਤਾਦਾਦ ’ਚ ਕਿਸਾਨ ਰੋਸ ਮਾਰਚ ਕਰਦਿਆਂ ਸਕੂਲ ਅੱਗੇ ਪੁੱਜੇ ਅਤੇ ਘਿਰਾਓ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰੰਜਨ ਸਿੰਘ ਬਟੜਿਆਣਾ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਰਨੈਲ ਸਿੰਘ ਜਨਾਲ, ਜਮਹੂਰੀ ਕਿਸਾਨ ਸਭਾ ਦੇ ਸਰਬਜੀਤ ਸਿੰਘ, ਬੀਕੇਯੂ ਸਿੱਧੂਪੁਰ ਦੇ ਰਣ ਸਿੰਘ ਚੱਠਾ ਆਦਿ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਐਲਾਨ ਮੁਤਾਬਕ ਉਹ ਪੰਜਾਬ ਵਿਚ ਭਾਜਪਾ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਬੰਦ ਨਾ ਕਰਵਾਈ ਤਾਂ ਉਹ ਸਕੂਲ ’ਚ ਦਾਖਲ ਹੋਣਗੇ ਜਿਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਉਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਕਿਹਾ ਕਿ ਮੀਟਿੰਗ ਖੇਤੀ ਬਿਲਾਂ ਬਾਰੇ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਲਈ ਰੱਖੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਸ਼ਹਿ ’ਤੇ ਭਾਜਪਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ।