ਬਿਹਾਰ ਦੇ ਵਿਵਾਦਤ ਸਿਆਸੀ ਆਗੂ ਪੱਪੂ ਯਾਦਵ ਦੇ ਹਮਾਇਤੀ ਨੇ ਕੇਂਦਰੀ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਵੱਲ ਅੱਜ ਸਿਆਹੀ ਸੁੱਟ ਦਿੱਤੀ। ਚੌਬੇ ਅੱਜ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਡੇਂਗੂ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਸਨ। ਸਿਹਤ ਰਾਜ ਮੰਤਰੀ ਮਰੀਜ਼ਾਂ ਤੇ ਡਾਕਟਰਾਂ ਨੂੰ ਮਿਲਣ ਤੋਂ ਬਾਅਦ ਜਦ ਕਾਰ ਵਿਚ ਬੈਠਣ ਲੱਗੇ ਤਾਂ ਸਿਆਹੀ ਨਾਲ ਭਰੀ ਬੋਤਲ ਵਾਹਨ ਨੇੜੇ ਜ਼ਮੀਨ ’ਤੇ ਆ ਕੇ ਡਿਗੀ। ਇਸ ਤੋਂ ਬਾਅਦ ਮੰਤਰੀ ਦੇ ਅਮਲੇ ਨੇ ਇਸ ਦੀ ਜਾਂਚ ਕੀਤੀ। ਕਾਰ ਦੇ ਬੋਨਟ ਅਤੇ ਸ਼ੀਸ਼ੇ ’ਤੇ ਸਿਆਹੀ ਦੇ ਨਿਸ਼ਾਨ ਲੱਗ ਗਏ। ਚੌਬੇ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਕਿਹਾ ਕਿ ਇਹ ਉਨ੍ਹਾਂ ਦਾ ਕਾਰਾ ਹੈ ਜੋ ਸਿਆਸਤ ਵਿਚ ਆਉਣ ਤੋਂ ਪਹਿਲਾਂ ਅਪਰਾਧ ਦਾ ਸਹਾਰਾ ਲੈਂਦੇ ਹਨ। ਕੇਂਦਰੀ ਮੰਤਰੀ ਨੇ ਯਾਦਵ ਦਾ ਨਾਂ ਨਹੀਂ ਲਿਆ ਪਰ ਜਦ ਤੱਕ ਉਹ ਹਸਪਤਾਲ ਵਿਚ ਮੌਜੂਦ ਰਹੇ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਦੀ ਜਨ ਅਧਿਕਾਰ ਪਾਰਟੀ ਦੇ ਸਮਰਥਕ ਉੱਥੇ ਮੌਜੂਦ ਸਨ। ਉਹ ਗਲੀਆਂ ਵਿਚ ਖੜ੍ਹੇ ਪਾਣੀ ਤੇ ਮਗਰੋਂ ਫੈਲੇ ਡੇਂਗੂ ਲਈ ‘ਸਰਕਾਰ ਦੀ ਬੇਰੁਖੀ’ ਨੂੰ ਜ਼ਿੰਮੇਵਾਰ ਠਹਿਰਾ ਕੇ ਨਾਅਰੇਬਾਜ਼ੀ ਕਰ ਰਹੇ ਸਨ। ਟੀਵੀ ਚੈਨਲਾਂ ਦੀ ਫੁਟੇਜ ਵਿਚ ਸੁਰੱਖਿਆ ਮੁਲਾਜ਼ਮ ਮੌਕੇ ਤੋਂ ਭੱਜ ਰਹੇ ਦੋ ਵਿਅਕਤੀਆਂ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਬਾਅਦ ’ਚ ਮੀਡੀਆ ਨਾਲ ਗੱਲਬਾਤ ਕੀਤੀ। ਪੁਲੀਸ ਮੁਤਾਬਕ ਸਿਆਹੀ ਸੁੱਟਣ ਵਾਲਿਆਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ
HOME ਕੇਂਦਰੀ ਮੰਤਰੀ ਚੌਬੇ ਵੱਲ ਸਿਆਹੀ ਸੁੱਟੀ