ਸੀਆਈਐੱਸਐੱਫ ’ਚ 41 ਤੇ ਬੀਐੱਸਐੱਫ ’ਚ 13 ਨਵੇਂ ਕੇਸ ਰਿਪੋਰਟ;
ਹੁਣ ਤੱਕ ਹੋਈਆਂ ਛੇ ਮੌਤਾਂ
ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਸੀਆਰਪੀਐੱਫ, ਬੀਐੱਸਐੱਫ, ਸੀਆਈਐੱਸਐੱਫ, ਆਈਟੀਬੀਪੀ ਤੇ ਐੈੱਸਐੱਸਬੀ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 827 ਹੋ ਗਈ ਹੈ। ਸੀਏਪੀਐੱਫ ਵਿੱਚ ਹੁਣ ਤਕ ਕੁੱਲ ਮਿਲਾ ਕੇ 6 ਮੌਤਾਂ ਹੋ ਚੁੱਕੀਆਂ ਹਨ। ਸੀਆਈਐੱਸਐੱਫ ਦੇ ਤਿੰਨ, ਬੀਐੱਸਐੱਫ ਦੇ ਦੋ ਅਤੇ ਸੀਆਰਪੀਐੱਫ ਦਾ ਇਕ ਜਵਾਨ ਕਰੋਨਾ ਅੱਗੇ ਜੰਗ ਹਾਰ ਚੁੱਕਾ ਹੈ।
ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਵਿੱਚ ਅੱਜ ਕਰੋਨਾਵਾਇਰਸ ਦੇ 41 ਨਵੇਂ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਵਿੱਚੋਂ 38 ਕੇਸ ਕੋਲਕਾਤਾ ਅਧਾਰਿਤ ਜੀਆਰਐੱਸਈਐੱਲ ਯੂਨਿਟ ਵਿੱਚ ਸਾਹਮਣੇ ਆਏ ਹਨ, ਜੋ ਹੁਗਲੀ ਨਦੀ ਦੇ ਕੰਢੇ ਰਣਨੀਤਕ ਜੰਗੀ ਸਾਜ਼ੋ ਸਾਮਾਨ ਨਾਲ ਸਬੰਧਤ ਇਮਾਰਤ ਦੀ ਰਾਖੀ ਡਿਊਟੀ ’ਤੇ ਤਾਇਨਾਤ ਹੈ। ਇਥੋਂ ਜਲਸੈਨਾ ਤੇ ਸਾਹਿਲੀ ਰਾਖਿਆ ਦੀਆਂ ਜੰਗੀ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ।
ਇਸ ਦੌਰਾਨ ਬੀਐੱਸਐੱਫ ਵਿੱਚ ਕਰੋਨਾਵਾਇਰਸ ਦੇ 13 ਨਵੇਂ ਕੇਸਾਂ ਦੀ ਪਛਾਣ ਹੋਈ ਹੈ। ਇਨ੍ਹਾਂ ਵਿੱਚੋਂ 11 ਕੇਸ ਦਿੱਲੀ ਵਿੱਚ ਅਮਨ ਤੇ ਕਾਨੂੰਨ ਡਿਊਟੀ ’ਤੇ ਤਾਇਨਾਤ ਯੂਨਿਟ ’ਚੋਂ ਹਨ। ਉਧਰ ਸੀਆਰਪੀਐੱਫ ਤੇ ਆਈਟੀਬੀਪੀ ਵਿੱਚ ਸਰਗਰਮ ਕੋਵਿਡ-19 ਕੇਸਾਂ ਦੀ ਗਿਣਤੀ ਕ੍ਰਮਵਾਰ 242 ਤੇ 158 ਹੋ ਗਈ ਹੈ। ਸਸ਼ਤਰ ਸੀਮਾ ਬਲ ’ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 20 ਹੈ।
ਲੰਘੇ ਦਿਨੀਂ ਸੀਆਈਐੱਸਐੱਫ ਦਾ 55 ਸਾਲਾ ਸਹਾਇਕ ਸਬ ਇੰਸਪੈਕਟਰ ਰੈਂਕ ਦਾ ਅਧਿਕਾਰੀ ਕਰੋਨਾ ਅੱਗੇ ਜੰਗ ਹਾਰ ਗਿਆ ਸੀ। ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜਨੀਅਰਜ਼ ਲਿਮਟਿਡ (ਜੀਆਰਐੱਸਈਐੱਲ) ਸੀਆਈਐੱਸਐੱਫ ਯੂਨਿਟ ਵਿੱਚ ਹੁਣ ਤਕ ਕਰੋਨਾ ਦੇ 38 ਸਰਗਰਮ ਕੇਸ ਹਨ। ਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਸਾਰੇ ਅਧਿਕਾਰੀ ਕੋਲਕਾਤਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ 41 ਸੱਜਰੇ ਕੇਸਾਂ ਨਾਲ 1.62 ਲੱਖ ਦੀ ਨਫ਼ਰੀ ਵਾਲੇ ਕੇਂਦਰੀ ਬਲ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 109 ਹੋ ਗਈ ਹੈ ।