ਕੇਂਦਰੀ ਨੇਪਾਲ ’ਚ ਢਿੱਗਾਂ ਡਿੱਗਣ ਕਾਰਨ 11 ਹਲਾਕ; 20 ਲਾਪਤਾ

ਕਾਠਮੰਡੂ, (ਸਮਾਜ ਵੀਕਲੀ) : ਕੇਂਦਰੀ ਨੇਪਾਲ ਵਿੱਚ ਸਾਰੀ ਰਾਤ ਪਏ ਮੀਂਹ ਕਾਰਨ ਡਿੱਗੀਆਂ ਢਿੱਗਾਂ ਕਾਰਨ ਤਿੰਨ ਪਿੰਡ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਏ। ਇਸ ਦੌਰਾਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਲਾਪਤਾ ਹਨ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇਹ ਘਟਨਾ ਤੜਕੇ 2.30 ਵਜੇ ਦੀ ਹੈ ਜਦੋਂ ਕਾਠਮੰਡੂ ਤੋਂ ਪੂਰਬ ’ਚ ਕਰੀਬ 120 ਕਿਲੋਮੀਟਰ ਦੂਰ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੌਰਾਨ ਪਹਾੜਾਂ ਤੋਂ ਡਿੱਗੀਆਂ ਮਿੱਟੀ ਦੀਆਂ ਢਿੱਗਾਂ ਨੇ ਨਾਗਪੁਜੇ, ਭੀਰਖੜਕਾ ਤੇ ਨੇਵਾਰ ਤੋਲੇ ਪਿੰਡਾਂ ਨੂੰ ਲਪੇਟ ’ਚ ਲੈ ਲਿਆ।

‘ਮਾਈ ਰਿਪਬਲਿਕਾ’ ਦੀ ਰਿਪੋਰਟ ਅਨੁਸਾਰ ਜਿਸ ਵੇਲੇ ਮਿੱਟੀ ਦੀਆਂ ਢਿੱਗਾਂ ਡਿੱਗੀਆਂ ਉਸ ਵੇਲੇ ਇਨ੍ਹਾਂ ਪਿੰਡਾਂ ਦੇ ਲੋਕ ਗੂੜ੍ਹੀ ਨੀਂਦ ਵਿੱਚ ਸਨ। ਸਿੰਧੂਪਾਲਚੌਕ ਦੇ ਜ਼ਿਲ੍ਹਾ ਪੁਲੀਸ ਮੁਖੀ ਰਾਜਨ ਅਧਿਕਾਰੀ ਨੇ ਦੱਸਿਆ ਕਿ ਸੱਤ ਲਾਸ਼ਾਂ ਘਟਨਾ ਸਥਾਨ ਤੋਂ ਬਰਾਮਦ ਕਰ ਲਈਆਂ ਗਈਆਂ ਜਦੋਂਕਿ ਦੋ ਹੋਰ ਲਾਸ਼ਾਂ ਭੋਟੇਕੋਸ਼ੀ ਤੇ ਸੁਨਕੋਸ਼ੀ ਨਦੀਆਂ ’ਚੋਂ ਬਰਾਮਦ ਕੀਤੀਆਂ ਗਈਆਂ। ਕਈ ਪੀੜਤਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਤਿੰਨ ਮ੍ਰਿਤਕ ਨਾਗਪੁਜੇ, ਤਿੰਨ ਭੀਰਖੜਕਾ ਤੇ ਤਿੰਨ ਨੇਵਾਰ ਤੋਲੇ ਪਿੰਡ ਤੋਂ ਸਨ। ਸ੍ਰੀ ਅਧਿਕਾਰੀ ਨੇ ਦੱਸਿਆ ਕਿ ਬਾਹਰਾਬਿਸ ਨਗਰ ਕੌਂਸਲ ਦੇ ਖੇਤਰ ਘੁਮਥਾਂਗ ਵਿੱਚ ਵਾਪਰੀ ਇਸ ਘਟਨਾ ’ਚ 20 ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਹੋਏ ਨੁਕਸਾਨ ਦਾ ਅਸਲ ਅੰਦਾਜ਼ ਲਾਇਆ ਜਾਣਾ ਬਾਕੀ ਹੈ ਪਰ ਮੁੱਢਲੇ ਤੌਰ ’ਤੇ ਤਿੰਨ ਪਿੰਡਾਂ ਦੇ 15 ਮਕਾਨ ਤਹਿਸ-ਨਹਿਸ ਹੋਣ ਦਾ ਅਨੁਮਾਨ ਹੈ।

Previous articleਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਦਾ ਦੇਹਾਂਤ
Next articleਬਾਇਡਨ ਦੀ ਲੀਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ