ਕੇਂਦਰੀ ਡਰੱਗਜ਼ ਲੈਬਾਰਟਰੀ ਵੱਲੋਂ ‘ਸਪੂਤਨਿਕ ਵੀ’ ਦੀ ਪਹਿਲੀ ਖੇਪ ਨੂੰ ਹਰੀ ਝੰਡੀ

ਸੋਲਨ (ਸਮਾਜ ਵੀਕਲੀ):ਕਸੌਲੀ ਅਧਾਰਿਤ ਕੇਂਦਰੀ ਡਰੱਗਜ਼ ਲੈਬਾਰਟਰੀ (ਸੀਡੀਐੱੱਲ) ਨੇ ਰੂਸ ਤੋਂ ਦਰਾਮਦ ਕੀਤੀ ਕੋਵਿਡ-19 ਵੈਕਸੀਨ ‘ਸਪੂਤਨਿਕ ਵੀ’ ਦੀ ਪਹਿਲੀ ਖੇਪ ਨੂੰ ਰੈਗੂਲੇਟਰੀ ਪ੍ਰਵਾਨਗੀ ਦੇ ਦਿੱਤੀ ਹੈ। ਰੂਸ ਵੱਲੋਂ ਤਿਆਰ ਇਸ ਵੈਕਸੀਨ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪੁੱਜ ਗਈ ਸੀ। ਉਧਰ ਡਾ.ਰੈੱਡੀਜ਼ ਲੈਬਾਰਟਰੀ ਵੱਲੋਂ ਰੂਸੀ ਵੈਕਸੀਨ ਦੀ ਪਹਿਲੀ ਖੁਰਾਕ ਅੱਜ ਹੈਦਰਾਬਾਦ ਵਿੱਚ ਇਕ ਵਿਅਕਤੀ ਨੂੰ ਲਾਈ ਗਈ।

ਡਾ.ਰੈੱਡੀਜ਼ ਲੈਬਾਰਟਰੀ, ਜਿਸ ਕੋਲ ਭਾਰਤ ਵਿੱਚ ਰੂਸੀ ਵੈਕਸੀਨ ਦੀ ਵੰਡ ਦੇ ਅਧਿਕਾਰ ਹਨ, ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ‘ਸਪੂਤਨਿਕ ਵੀ’ ਦੀ ਇਕ ਖੁਰਾਕ ਦੀ ਕੀਮਤ 995 ਰੁਪੲੇ (948 ਰੁਪੲੇ+ 5 ਫੀਸਦ ਜੀਐੱਸਟੀ) ਹੋਵੇਗੀ। ਬਿਆਨ ਵਿੱਚ ਹਾਲਾਂਕਿ ਇਸ਼ਾਰਾ ਕੀਤਾ ਗਿਆ ਹੈ ਕਿ ਸਥਾਨਕ ਪੱਧਰ ’ਤੇ ਸਪਲਾਈ ਸ਼ੁਰੂ ਹੋਣ ਨਾਲ ਕੀਮਤਾਂ ਕੁਝ ਘਟ ਸਕਦੀਆਂ ਹਨ।

ਸੋਲਨ ਸਥਿਤ ਲੈਬਾਰਟਰੀ ਵਿਚਲੇ ਇਕ ਸੂਤਰ ਨੇ ਕਿਹਾ, ‘ਲੈਬ ਨੂੰ ਮਿਲੇ ‘ਸਪੂਤਨਿਕ ਵੀ’ ਦੇ ਨਮੂਨਿਆਂ ਦੀ 3 ਮਈ ਨੂੰ ਜਾਂਚ ਕੀਤੀ ਗਈ ਸੀ। ਇਸ ਦੌਰਾਨ ਜ਼ਹਿਰੀਲੇਪਣ, ਜਰਮ ਰਹਿਤ ਤੇ ਹੋਰ ਕਈ ਅਹਿਮ ਕਾਰਕਾਂ ਨੂੰ ਧਿਆਨ ’ਚ ਰੱਖਦਿਆਂ ਜਾਂਚ ਕੀਤੀ ਗਈ। ਜਾਂਚ ਦੇ ਨਤੀਜੇ ਲੰਘੀ ਸ਼ਾਮ ਹੀ ਭਾਰਤੀ ਡਰੱਗ ਕੰਟਰੋਲਰ ਜਨਰਲ ਨੂੰ ਭੇਜ ਦਿੱਤੇ ਗੲੇ ਸਨ।’ ਕਾਬਿਲੇਗੌਰ ਹੈ ਕਿ ਘਰੇਲੂ ਬਾਜ਼ਾਰ, ਭਾਰਤ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਅਤੇ ਬਰਾਮਦ ਜਾਂ ਦਰਾਮਦ ਕੀਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਕੌਮੀ ਨੇੇਮਾਂ ਤਹਿਤ ਕੇਂਦਰੀ ਡਰੱਗਜ਼ ਲੈਬਾਰਟਰੀ (ਸੀਡੀਐੱਲ) ਵਿੱਚ ਜਾਂਚ ਕੀਤੀ ਜਾਂਦੀ ਹੈ।

ਭਾਰਤੀ ਡਰੱਗ ਕੰਟਰੋਲਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੈਕਸੀਨ ਦੀ ਕੌਮੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਵਰਤੋਂ ਤੋਂ ਪਹਿਲਾਂ ਵੈਕਸੀਨ ਦੇ ਹਰ ਬੈਚ ਦੀ ਜਾਂਚ ਹੁੰਦੀ ਹੈ। ਸੀਡੀਐੱਲ ਦੀ ਪ੍ਰਵਾਨਗੀ ਮਗਰੋਂ ਵੈਕਸੀਨ ਨੂੰ ਨਿਰਧਾਰਤ ਪ੍ਰੋਟੋਕੋਲ ਮੁਤਾਬਕ ਵਰਤਿਆ ਜਾ ਸਕਦਾ ਹੈ। ਭਾਰਤੀ ਡਰੱਗਜ਼ ਕੰਟਰੋਲਰ ਜਨਰਲ ਨੇ 12 ਅਪਰੈਲ ਨੂੰ ਕਲੀਨਿਕਲ ਟਰਾਇਲਾਂ ਦੇ ਅਧਾਰ ’ਤੇ ਸਪੂਤਨਿਕ ਵੀ ਦੀ ਐਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਸੀ। ਕਲੀਨਿਕਲ ਟਰਾਇਲਾਂ ਦੇ ਤੀਜੇ ਗੇੜ ਦੇ ਨਤੀਜਿਆਂ ਦੀ ਸਮੀਖਿਆ ਮੁਤਾਬਕ ਰੂਸੀ ਵੈਕਸੀਨ ਕਰੋਨਾ ਖਿਲਾਫ਼ 91.6 ਫੀਸਦ ਤੱਕ ਅਸਰਦਾਰ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਕਸੀਨ ਬਣਾਉਣ ਦੀਆਂ ਇੱਛੁਕ ਕੰਪਨੀਆਂ ਦੀ ਮਦਦ ਕਰੇਗਾ ਕੇਂਦਰ
Next articleਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ 8ਵੀਂ ਕਿਸ਼ਤ ਜਾਰੀ